Sangrur News: ਪਿੰਡ ਲਖੇਵਾਲ ਦੇ ਗੁਰਦੁਆਰਾ ਸਾਹਿਬ 'ਚ ਲੱਗੀ ਅੱਗ, ਅਗਨ ਭੇਂਟ ਹੋਏ ਪਾਵਨ ਸਰੂਪ
ਸ਼ਾਰਟ ਸਰਕਟ ਕਾਰਨ ਵਾਪਰੀ ਵੱਡੀ ਘਟਨਾ
Sangrur News: ਸੰਗਰੂਰ ਦੇ ਪਿੰਡ ਲਖੇਵਾਲ ਦੇ ਗੁਰਦੁਆਰਾ ਸਾਹਿਬ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਂਟ ਹੋ ਗਏ ਹਨ। ਭਵਾਨੀਗੜ੍ਹ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਮੈਨੇਜਰ ਜਗਜੀਤ ਸਿੰਘ ਜੱਗੀ ਸੰਗਤਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਣ ’ਤੇ ਉਹ ਤੁਰੰਤ ਪਿੰਡ ਲਖ਼ੇਵਾਲ ਦੇ ਗੁਰੂ ਘਰ ਵਿਖੇ ਪਹੁੰਚੇ , ਜਿਥੇ ਜਾ ਕੇ ਦੇਖ਼ਿਆ ਕਿ ਚਾਨਣੀ ਦੇ ਉਪਰ ਦੀ ਲੰਘਦੀ ਤਾਰ ਤੋਂ ਸ਼ਾਰਟ ਸਰਕਟ ਹੋਣ ਕਾਰਨ ਚਾਨਣੀ ਨੂੰ ਅੱਗ ਲੱਗ ਗਈ, ਜਿਥੋਂ ਗੁਰੂ ਘਰ ਦੇ ਦਰਬਾਰ ਸਾਹਿਬ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪਾਲਕੀ ਸਾਹਿਬ ਨੂੰ ਅੱਗ ਲੱਗ ਜਾਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਂਟ ਹੋ ਗਏ।
ਅੱਗ ਦੀ ਘਟਨਾ ਬਾਰੇ ਪਤਾ ਲੱਗਦੇ ਸਾਰ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਅਤੇ ਪ੍ਰਬੰਧਕ ਕਮੇਟੀ ਨੂੰ 21 ਜੁਲਾਈ ਨੂੰ ਤਲਬ ਵੀ ਕੀਤਾ ਹੈ। ਜਥੇਦਾਰ ਧਨੌਲਾ ਨੇ ਕਿਹਾ ਕਿ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਵੱਡੀ ਅਣਗਹਿਲੀ ਕਰਨ ਕਰਕੇ ਇਹ ਘਟਨਾ ਵਾਪਰੀ ਹੈ, ਜਿਸ ਦੀ ਸ਼ਜਾ 5 ਪਿਆਰਿਆਂ ਨਾਲ ਮੀਟਿੰਗ ਕਰਕੇ ਇਨ੍ਹਾਂ ਨੂੰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਪ੍ਰਬੰਧਕਾਂ ਨੂੰ 21 ਜੁਲਾਈ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਲਬ ਕੀਤਾ ਹੈ। ਉਨ੍ਹਾਂ ਇਸ ਘਟਨਾ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਿੰਡਾਂ ਦੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਗੁਰੂ ਘਰਾਂ ਵਿਚ ਲਗਾਏ ਬਿਜਲੀ ਨਾਲ ਚੱਲਣ ਵਾਲੇ ਉਪਕਰਨਾਂ ਦੀ ਤੁਰੰਤ ਜਾਂਚ ਕਰਨ ਦੇ ਵੀ ਆਦੇਸ਼ ਦਿੱਤੇ। ਇਸ ਘਟਨਾ ਦਾ ਪਤਾ ਲਗਦਿਆਂ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਵਲੋਂ ਗੁਰੂ ਘਰ ਵਿਚ ਲੱਗੇ ਕੈਮਰਿਆਂ ਨੂੰ ਜਾਂਚ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਸਿੱਖ ਆਗੂਆਂ ਤੇ ਪਤਵੰਤਿਆਂ ਦੀ ਹਾਜ਼ਰੀ ਵਿਚ ਅਗਨ ਭੇਂਟ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵਿਸ਼ੇਸ਼ ਪਾਲਕੀ ਰਾਹੀਂ ਸ੍ਰੀ ਗੋਇੰਦਵਾਲ ਸਾਹਿਬ ਭੇਜਿਆ ਗਿਆ।