ਆਖਿਰ ਕਦੋਂ ਪੂਰੀ ਹੋਵੇਗੀ ਮੁਰਾਦਪੁਰਾ ਦੇ ਲੋਕਾਂ ਦੀ ਮੁਰਾਦ?
ਇਸ ਖੇਤਰ ਦੇ ਲੋਕ ਕਈ ਮਹੀਨਿਆਂ ਤੋਂ ਪਰੇਸ਼ਾਨੀ ਝੱਲ...
ਤਰਨਤਾਰਨ: ਤਰਨਤਾਰਨ ਸ਼ਹਿਰ ਵਿਚ ਵਿਕਾਸ ਨੂੰ ਲੈ ਕੇ ਭਾਵੇਂ ਹੀ ਦਾਅਵੇ ਕੀਤੇ ਜਾ ਰਹੇ ਹਨ ਪਰ ਮੁਰਾਦਪੁਰਾ ਕਲੋਨੀ ਦੀ ਹਾਲਤ ਬਦ ਤੋਂ ਬਦਤਰ ਹੈ। ਇੱਥੇ ਨਾ ਤਾਂ ਸਫ਼ਾਈ ਦੀ ਕੋਈ ਵਿਵਸਥਾ ਹੈ ਅਤੇ ਨਾ ਹੀ ਬਦਹਾਲ ਸੀਵਰੇਜ ਪ੍ਰਣਾਲੀ ਤੋਂ ਹੁਣ ਤਕ ਲੋਕਾਂ ਨੂੰ ਨਿਜਾਤ ਮਿਲ ਸਕੀ ਹੈ।
ਇਸ ਖੇਤਰ ਦੇ ਲੋਕ ਕਈ ਮਹੀਨਿਆਂ ਤੋਂ ਪਰੇਸ਼ਾਨੀ ਝੱਲ ਰਹੇ ਹਨ ਪਰ ਇਹਨਾਂ ਦਾ ਦਰਦ ਸਮਝਣ ਵਾਲਾ ਕੋਈ ਨਹੀਂ ਹੈ। ਮੁਰਾਦਪੁਰਾ ਖੇਤਰ ਵਿਚ ਸਾਲਾਂ ਪਹਿਲਾਂ ਪਾਏ ਗਏ ਸੀਵਰੇਜ ਨੂੰ ਹੁਣ ਤਕ ਠੀਕ ਨਹੀਂ ਕੀਤਾ ਗਿਆ। ਦਸਿਆ ਜਾਂਦਾ ਹੈ ਕਿ ਸੀਵਰੇਜ ਦੇ ਛੇਕ ਜ਼ਰੂਰਤ ਨਾਲੋਂ ਛੋਟੇ ਹਨ। ਜਿਸ ਦੇ ਚਲਦੇ ਸੀਵਰੇਜ ਆਏ ਦਿਨ ਜਾਮ ਹੋ ਜਾਂਦੇ ਹਨ।
ਇਸ ਦਾ ਕਾਰਨ ਮੈਨਹੋਲ ਨਾਲ ਗੰਦੇ ਪਾਣੀ ਦਾ ਰਿਸਾਅ ਜਦੋਂ ਸ਼ੁਰੂ ਹੁੰਦਾ ਹੈ ਤਾਂ ਗਲੀਆਂ ਵਿਚ ਪਾਣੀ ਜਮ੍ਹਾਂ ਹੋ ਜਾਂਦਾ ਹੈ। ਇਸ ਤੋਂ ਬਾਅਦ ਲੋਕਾਂ ਨੂੰ ਗਲੀਆਂ ਵਿਚੋਂ ਲੰਘਣ ਵਿਚ ਕਾਫ਼ੀ ਦਿਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਨਹੀਂ ਜੇ ਹਲਕੀ ਬਾਰਿਸ਼ ਵੀ ਆਉਂਦੀ ਹੈ ਤਾਂ ਇਹ ਇਲਾਕਾ ਛੱਪੜ ਵਿਚ ਤਬਦੀਲ ਹੋ ਜਾਂਦਾ ਹੈ।
ਇਲਾਕਾ ਨਿਵਾਸੀ ਸਰਬਜੀਤ ਸਿੰਘ ਮੁਰਾਦਪੁਰਾ, ਗੁਲਸ਼ਨ ਕੁਮਾਰ, ਬਲਬੀਰ ਚੰਦ, ਮਨਵੀਰ ਕੁਮਾਰ ਦਾ ਕਹਿਣਾ ਹੈ ਕਿ ਇਸ ਸਮੱਸਿਆ ਨਾਲ ਨਗਰ ਕੌਂਸਲ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਪਰ ਅਜੇ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਬਾਰਿਸ਼ ਹੋਣ ਤੇ ਇਲਾਕੇ ਦੀ ਹਾਲਤ ਅਜਿਹੀ ਹੋ ਜਾਂਦੀ ਹੈ ਲੋਕ ਅਪਣੇ ਬੱਚਿਆਂ ਨੂੰ ਘਰ ਤੋਂ ਬਾਹਰ ਨਹੀਂ ਕੱਢ ਸਕਦੇ।
ਐਸਡੀਐਮ ਰਜਨੀਸ਼ ਅਰੋੜਾ ਦਾ ਕਹਿਣਾ ਹੈ ਕਿ ਖੇਤਰ ਦੇ ਲੋਕਾਂ ਦੀ ਸਮੱਸਿਆ ਦੀ ਉਹਨਾਂ ਨੂੰ ਜਾਣਕਾਰੀ ਮਿਲੀ ਹੈ। ਨਗਰ ਕੌਂਸਲ ਨੂੰ ਮੌਕਾ ਦੇਖ ਕੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਸਮੱਸਿਆ ਦਾ ਜਲਦ ਹੀ ਹੱਲ ਕੱਢਿਆ ਜਾਵੇਗਾ। ਦਸ ਦਈਏ ਕਿ ਬਾਰਿਸ਼ ਨੇ ਕਈ ਲੋਕਾਂ ਦਾ ਜੀਵਨ ਬੇਹਾਲ ਕਰ ਦਿੱਤਾ ਹੈ।
ਮੁੰਬਈ ਵਿਚ ਕੁੱਝ ਦਿਨ ਪਹਿਲਾਂ ਪਏ ਮੀਂਹ ਨੇ ਚਾਰੇ ਪਾਸੇ ਜਲਥਲ ਕਰ ਦਿਤਾ ਸੀ। ਮੋਹਲੇਧਾਰ ਮੀਂਹ ਕਾਰਨ ਮਗਰੋਂ ਘੱਟੋ ਘੱਟ 10 ਇਲਾਕਿਆਂ ਵਿਚ ਬੇਤਹਾਸ਼ਾ ਪਾਣੀ ਭਰ ਗਿਆ ਸੀ ਅਤੇ ਆਵਾਜਾਈ 'ਤੇ ਕਾਫ਼ੀ ਅਸਰ ਪਿਆ ਸੀ। ਸੜਕਾਂ 'ਤੇ ਪਾਣੀ ਭਰਨ ਕਾਰਨ ਕਈ ਗੱਡੀਆਂ ਵਿਚਾਲੇ ਹੀ ਖੜੀਆਂ ਹੋ ਗਈਆਂ ਅਤੇ ਕਈ ਥਾਈਂ ਲੋਕ ਗੱਡੀਆਂ ਨੂੰ ਧੱਕਾ ਲਾਉਂਦੇ ਵੇਖੇ ਗਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।