‘ਪ੍ਰਧਾਨ ਮੰਤਰੀ ‘ਚੁਪ’ ਤੋੜਨ, ਦੇਸ਼ ਨੂੰ ਦੱਸਣ ਅਫ਼ਗ਼ਾਨਿਸਤਾਨ ਲਈ ਉਨ੍ਹਾਂ ਦੀ ਕੀ ਰਣਨੀਤੀ ਹੈ? : ਕਾਂਗਰ

ਏਜੰਸੀ

ਖ਼ਬਰਾਂ, ਪੰਜਾਬ

‘ਪ੍ਰਧਾਨ ਮੰਤਰੀ ‘ਚੁਪ’ ਤੋੜਨ, ਦੇਸ਼ ਨੂੰ ਦੱਸਣ ਅਫ਼ਗ਼ਾਨਿਸਤਾਨ ਲਈ ਉਨ੍ਹਾਂ ਦੀ ਕੀ ਰਣਨੀਤੀ ਹੈ? : ਕਾਂਗਰਸ

image

ਨਵੀਂ ਦਿੱਲੀ, 16 ਅਗੱਸਤ : ਕਾਂਗਰਸ ਨੇ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪੈਦਾ ਹੋਏ ਹਾਲਾਤ ’ਤੇ ਚਿੰਤਾ ਪ੍ਰਗਟਾਉਂਦੇ ਹੋਏੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਮਰੀ ਐਸ ਜੈਸ਼ੰਕਰ ਨੂੰ ‘ਭੇਦਭਰੀ ਚੁੱਪ’ ਤੋੜ ਕੇ ਦੇਸ਼ ਨੂੰ ਇਹ ਦਸਣਾ ਚਾਹੀਦਾ ਹੈ ਕਿ ਇਸ ਗੁਆਂਢੀ ਦੇਸ਼ ਲਈ ਉਨ੍ਹਾਂ ਦੀ ਅੱਗੇ ਦੀ ਕੀ ਰਣਨੀਤੀ ਹੈ ਅਤੇ ਉਥੋਂ ਭਾਰਤੀ ਡਿਪਲੋਮੈਟਾਂ ਅਤੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਉਨ੍ਹਾਂ ਦੀ ਸਰਕਾਰ ਕੀ ਕਦਮ ਚੁੱਕ ਰਹੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਫ਼ਗ਼ਾਨਿਸਤਾਨ ਦੇ ਹਾਲਾਤ ਬੇਹੱਦ ਖ਼ਤਰਨਾਕ ਮੋੜ ’ਤੇ ਹਨ ਅਤੇ ਉਥੇ ਸਫ਼ਾਰਤਖ਼ਾਨੇ ਦੇ ਕਰਮਚਾਰੀਆਂ ਨਾਲ ਹੀ ਹੋਰ ਭਾਰਤੀਆਂ ਦੀ ਜ਼ਿੰਦਗੀ ਦਾਅ ’ਤੇ ਲੱਗ ਗਈ ਹੈ। ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਅਤੇ ਉਥੇ ਬਦਲੇ ਸਿਆਸੀ ਹਾਲਾਤਾਂ ਤੋਂ ਪੈਦਾ ਹਾਲਾਤ ਦਰਮਿਆਨ ਸਰਕਾਰ ਨੂੰ ਅਪਣੀ ਰਣਨੀਤੀ ਦੇਸ਼ ਅਤੇ ਵਿਰੋਧੀ ਧਿਰ ਨੂੰ ਦਸਣੀ ਚਾਹੀਦੀ ਹੈ। ਸੁਰਜੇਵਾਲਾ ਨੇ ਦੋਸ਼ ਲਗਾਇਆ,‘‘ਇਸ ਹਾਲਾਤ ਵਿਚ ਨਰਿੰਦਰ ਮੋਦੀ ਜੀ ਅਤੇ ਉਨ੍ਹਾਂ ਦੀ ਸਰਕਾਰ ਦੀ ਚੁੱਪ ਅਪਣੇ ਆਪ ਵਿਚ ਚਿੰਤਾ ਤਾਂ ਪੈਦਾ ਕਰਦੀ  ਹੀ ਹੈ, ਇਹ ‘ਭੇਦਭਰੀ’ ਵੀ ਹੈ।’’ ਕਾਂਗਰਸ ਜਨਰਲ ਸਕੱਤਰ ਨੇ ਦਾਅਵਾ ਕੀਤਾ,‘‘ਮੋਦੀ ਸਰਕਾਰ ਵਲੋਂ ਸਾਡੇ ਡਿਪਲੋਮੈਟਾਂ ਅਤੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕੋਈ ਯੋਜਨਾ ਨਹੀਂ ਬਣਾਉਣਾ ਸਰਕਾਰ ਦੀ ਕੁਤਾਹੀ ਦੀ ਸਾਫ਼ ਉਦਾਹਰਣ ਹੈ। ਇਸ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।’’ ਸੁਰਜੇਵਾਲਾ ਨੇ ਕਿਹਾ ਕਿ ਕਈ ਅਤਿਵਾਦੀ ਸੰਗਠਨ ਪਾਕਿਸਤਾਨ ਦੀ ਮਦਦ ਨਾਲ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ, ਅਜਿਹੇ ਵਿਚ ਮੋਦੀ ਸਰਕਾਰ ਦੀ ਚੁੁੱਪ ਚਿੰਤਾਜਨਕ ਹੈ। ਉਨ੍ਹਾਂ ਕਿਹਾ,‘‘ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਅੱਗੇ ਆ ਕੇ ਦੇਸ਼ ਨੂੰ ਦਸਣਾ ਚਾਹੀਦਾ ਹੈ ਕਿ ਸਾਡੇ ਡਿਪਲੋਮੈਟ ਤੇ ਨਾਗਰਿਕਾਂ ਨੂੰ ਕਿਵੇਂ ਸੁਰੱਖਿਅਤ ਵਾਪਸ ਲਿਆਂਦਾ ਜਾਵੇਗਾ?’’ (ਏਜੰਸੀ)