SI ਦੀ ਕਾਰ ‘ਚ ਬੰਬ ਲਗਾਉਣ ਵਾਲੇ ਦੋਸ਼ੀ ਦਿੱਲੀ ਤੋਂ ਗ੍ਰਿਫਤਾਰ, ਵਿਦੇਸ਼ ਜਾਣ ਦੀ ਫਿਰਾਕ ‘ਚ ਸਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋਵੇਂ ਮੁਲਜ਼ਮ ਜਿਲ੍ਹਾ ਤਰਨਤਾਰਨ ਦੇ ਪੱਟੀ ਨਾਲ ਸਬੰਧਿਤ

photo

 

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ)   ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ’ਚ ਪੁਲਿਸ ਦੇ ਸੀਆਈਏ ਸਟਾਫ਼ ਦੇ ਇਕ ਸਬ-ਇੰਸਪੈਕਟਰ ਦੇ ਵਾਹਨ ਹੇਠਾਂ ਧਮਾਕਾਖੇਜ਼ ਸਮੱਗਰੀ ਫਿੱਟ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਮੁਲਜ਼ਮ ਵਿਦੇਸ਼ ਭੱਜਣ ਦੀ ਫ਼ਿਰਾਕ ਵਿਚ ਸਨ। ਇਸ ਦੌਰਾਨ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਨੂੰ ਦਿੱਲੀ ਤੋਂ ਵਿਸਤਾਰਾ ਏਅਰਲਾਈਨ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ ਹੈ।

 

ਸੂਤਰਾਂ ਮੁਤਾਬਕ ਪੁਲਿਸ ਦਿੱਲੀ ਤੋਂ ਉਡਾਣ ਰਾਹੀਂ ਅੰਮ੍ਰਿਤਸਰ ਲੈ ਕੇ ਪਹੁੰਚੀ ਹੈ। ਦੋਵੇਂ ਮੁਲਜ਼ਮ ਜਿਲ੍ਹਾ ਤਰਨਤਾਰਨ ਦੇ ਪੱਟੀ ਨਾਲ ਸਬੰਧਤ ਹਨ। ਦੱਸ ਦਈਏ ਕਿ ਧਮਾਕੇ ਵਾਲੀ ਸਮੱਗਰੀ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਬੋਲੇਰੋ ਜੀਪ ਹੇਠਾਂ ਰੱਖੀ ਮਿਲੀ ਸੀ। ਇਸ ਦਾ ਪਤਾ ਸਭ ਤੋਂ ਪਹਿਲਾਂ ਕਾਰ ਧੋਣ ਵਾਲੇ ਵਿਅਕਤੀਆਂ ਨੂੰ ਲੱਗਿਆ ਸੀ।

ਸਬ-ਇੰਸਪੈਕਟਰ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਕਾਰ ਧੋਣ ਵਾਲਿਆਂ ਨੇ ਇਸ ਦੀ ਜਾਣਕਾਰੀ ਉਸ ਨੂੰ ਦਿੱਤੀ ਅਤੇ ਦੱਸਿਆ ਕਿ ਕਾਰ ਦੇ ਹੇਠਾਂ ਕੁਝ ਸ਼ੱਕੀ ਸਮੱਗਰੀ ਰੱਖੀ ਹੋਈ ਹੈ। ਉਸ ਨੇ ਦੱਸਿਆ ਕਿ ਇਹ ਧਮਾਕਾਖੇਜ਼ ਸਮੱਗਰੀ ਆਈਈਡੀ ਹੈ ਜਿਸ ਨੂੰ ਕੁਝ ਅਣਪਛਾਤੇ ਵਿਅਕਤੀ ਕਾਰ ਹੇਠਾਂ ਰੱਖ ਕੇ ਗਏ ਹਨ।ਪਤਾ ਲੱਗਿਆ ਹੈ ਇਸ ਮਾਮਲੇ ਦੀ ਪ੍ਰੈੱਸ ਕਾਨਫ਼ਰੰਸ ਖ਼ੁਦ ਏ.ਡੀ.ਜੀ.ਪੀ. ਕਰਨਗੇ, ਜਿਨ੍ਹਾਂ ਅੱਜ ਸਵੇਰੇ ਹੀ ਕਿਹਾ ਹੈ ਕਿ ਬੰਬ ‘ਚ 2 ਕਿੱਲੋ ਸੱਤ 700 ਗ੍ਰਾਮ ਆਰ.ਡੀ.ਐਕਸ. ਲੱਗੀ ਹੋਈ ਸੀ ਅਤੇ ਇਹ ਮੁਲਜ਼ਮ ਕਾਰਵਾਈ ਨੂੰ ਅੰਜਾਮ ਦੇਣ ਦੀ ਸਾਜਿਸ਼ ‘ਚ ਸੀ।