ਮੋਗਾ 'ਚ ਸਾਰੀਆਂ ਹੱਦਾਂ ਪਾਰ: ਛੇੜਛਾੜ ਦਾ ਵਿਰੋਧ ਕਰਨ 'ਤੇ ਦੋਸ਼ੀਆਂ ਨੇ ਲੜਕੀ ਨੂੰ ਛੱਤ ਤੋਂ ਮਾਰਿਆ ਧੱਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੜਕੀ ਦੀ ਹਾਲਤ ਨਾਜ਼ੁਕ

photo

 

ਮੋਗਾ: ਪੰਜਾਬ ਦੇ ਮੋਗਾ ਸ਼ਹਿਰ 'ਚ ਸਟੇਡੀਅਮ 'ਚ ਖੇਡਣ ਗਈ ਵਿਦਿਆਰਥਣ ਨਾਲ ਬਲਾਤਕਾਰ ਅਤੇ ਕੁੱਟਮਾਰ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। 3 ਨੌਜਵਾਨਾਂ ਨੇ ਵਿਦਿਆਰਥਣ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੇ ਵਿਦਿਆਰਥਣ ਨਾਲ ਜ਼ਬਰਦਸਤੀ ਵੀ ਕੀਤੀ ਪਰ ਉਸ ਨੇ ਨੌਜਵਾਨਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ।

 

ਲੜਕੀ ਨਾਲ ਕੁੱਟਮਾਰ ਕਰਦੇ ਹੋਏ ਦੋਸ਼ੀਆਂ ਨੇ ਲੜਕੀ ਨੂੰ ਛੱਤ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ। ਇਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਵਿਦਿਆਰਥਣ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਹੈ। ਡਾਕਟਰਾਂ ਮੁਤਾਬਕ ਬੱਚੀ ਫਿਲਹਾਲ ਬੋਲ ਨਹੀਂ ਸਕਦੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਉਸ ਦਾ ਜਬਾੜਾ ਵੀ ਟੁੱਟ ਗਿਆ ਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ 12ਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਟਿਊਸ਼ਨ ਪੜ੍ਹ ਕੇ ਘਰ ਵਾਪਸ ਆਈ ਸੀ। ਇਸ ਤੋਂ ਬਾਅਦ ਉਹ ਘਰ ਦੇ ਕੋਲ ਸਟੇਡੀਅਮ 'ਚ ਖੇਡਣ ਚਲੀ ਗਈ। ਉੱਥੇ ਉਸ ਦੀ ਪਛਾਣ ਦਾ ਇੱਕ ਨੌਜਵਾਨ ਸੀ, ਜਿਸ ਨੇ ਉਸ ਨੂੰ ਗੱਲਬਾਤ ਵਿੱਚ ਉਲਝਾ ਲਿਆ ਅਤੇ ਸਟੇਡੀਅਮ ਦੀ ਛੱਤ ’ਤੇ ਲੈ ਗਿਆ।

 

 

ਛੱਤ 'ਤੇ ਪਹਿਲਾਂ ਹੀ ਦੋ ਨੌਜਵਾਨ ਬੈਠੇ ਸਨ। ਤਿੰਨ ਬਦਮਾਸ਼ਾਂ ਨੇ ਉਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਤਿੰਨਾਂ ਨੌਜਵਾਨਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ। ਮੌਕਾ ਦੇਖ ਕੇ ਇਕ ਨੌਜਵਾਨ ਨੇ ਉਸ ਨੂੰ ਸਟੇਡੀਅਮ ਦੀ ਛੱਤ ਤੋਂ ਧੱਕਾ ਦੇ ਦਿੱਤਾ। ਬਾਕੀ ਖਿਡਾਰੀਆਂ ਨੇ ਉਸ ਨੂੰ ਦੇਖਿਆ ਅਤੇ ਰਿਸ਼ਤੇਦਾਰਾਂ ਅਤੇ ਐਂਬੂਲੈਂਸ ਨੂੰ ਬੁਲਾਇਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

ਥਾਣਾ ਸਦਰ ਮੋਗਾ ਦੇ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਜ਼ਖ਼ਮੀ ਲੜਕੀ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਿਜਾਇਆ ਗਿਆ। ਵਿਦਿਆਰਥਣ ਅਜੇ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ। ਲੜਕੀ ਦੀ ਹਾਲਤ ਥੋੜੀ ਠੀਕ ਹੁੰਦੇ ਹੀ ਉਸਦੇ ਬਿਆਨ ਦਰਜ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇਗਾ।