Ludhiana News : ਲੁਧਿਆਣਾ 'ਚ ਚੱਲਦੀ ਐਕਟਿਵਾ ਨੂੰ ਲੱਗੀ ਅੱਗ, ਰਿਸ਼ਤੇਦਾਰ ਦੇ ਘਰ ਜਾ ਰਿਹਾ ਸੀ ਨੌਜਵਾਨ
ਟੈਂਕੀ ਨੇੜੇ ਹੋਇਆ ਸ਼ਾਰਟ ਸਰਕਟ
Ludhiana News : ਲੁਧਿਆਣਾ ਦੇ ਜਗਰਾਉਂ ਪੁੱਲ ਨੇੜੇ ਅੱਜ ਇੱਕ ਚੱਲਦੀ ਐਕਟਿਵਾ ਨੂੰ ਅਚਾਨਕ ਅੱਗ ਲੱਗ ਗਈ ਹੈ। ਜਿਵੇਂ ਹੀ ਸਕੂਟਰੀ ਨੂੰ ਅੱਗ ਲੱਗੀ, ਧਮਾਕਾ ਹੋ ਗਿਆ। ਇਸ ਤੋਂ ਪਹਿਲਾਂ ਕਿ ਐਕਟਿਵਾ ਸਵਾਰ ਨੌਜਵਾਨ ਖੁਦ ਨੂੰ ਸੰਭਾਲ ਪਾਉਂਦਾ , ਅੱਗ ਦੀ ਲਪੇਟ 'ਚ ਆ ਕੇ ਬੁਰੀ ਤਰ੍ਹਾਂ ਝੁਲਸ ਗਿਆ ਹੈ। ਐਕਟਿਵਾ ਨਜ਼ਦੀਕ ਜਾ ਰਿਹਾ ਇੱਕ ਬਾਈਕ ਸਵਾਰ ਵੀ ਆਪਣਾ ਸੰਤੁਲਨ ਗੁਆ ਬੈਠਾ, ਜਿਸ ਕਾਰਨ ਉਹ ਵੀ ਜ਼ਖਮੀ ਹੋ ਗਿਆ।
ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਸੀਐਮਸੀ ਹਸਪਤਾਲ ਪਹੁੰਚਾਇਆ
ਰਾਹਗੀਰਾਂ ਦੀ ਮਦਦ ਨਾਲ ਐਕਟਿਵਾ ਸਵਾਰ ਨੂੰ ਮੁੱਢਲੀ ਸਹਾਇਤਾ ਦੇ ਕੇ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਨੌਜਵਾਨ ਦੀ ਪਛਾਣ ਗੋਬਿੰਦਪ੍ਰੀਤ ਸਿੰਘ ਵਾਸੀ ਮਾਡਲ ਟਾਊਨ ਵਜੋਂ ਹੋਈ ਹੈ। ਗੋਬਿੰਦ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਸਲੇਮ ਟਾਬਰੀ ਇਲਾਕੇ ਵਿੱਚ ਜਾ ਰਿਹਾ ਸੀ। ਉਸ ਨੇ ਦੁੱਗਰੀ ਨੇੜੇ ਪੈਟਰੋਲ ਪੰਪ ਤੋਂ ਤੇਲ ਪਵਾਇਆ ਸੀ।
ਉਹ ਅਜੇ ਜਗਰਾਉਂ ਪੁਲ ਨੇੜੇ ਐਲੀਵੇਟਿਡ ਪੁਲ ’ਤੇ ਚੜ੍ਹਿਆ ਹੀ ਸੀ ਕਿ ਕੁਝ ਦੂਰੀ ’ਤੇ ਹੀ ਐਕਟਿਵਾ ਦੇ ਇੰਜਣ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਗੋਬਿੰਦਪ੍ਰੀਤ 30 ਫੀਸਦੀ ਝੁਲਸ ਗਿਆ। ਘਟਨਾ ਸਮੇਂ ਗੋਬਿੰਦਪ੍ਰੀਤ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਉਹ ਤੜਫਦਾ ਹੋਇਆ ਪੁਲ 'ਤੇ ਕਾਫੀ ਦੂਰ ਤੱਕ ਭੱਜਿਆ। ਲੋਕਾਂ ਦੀ ਮਦਦ ਨਾਲ ਉਸ ਦੇ ਕੱਪੜੇ ਪਾੜ ਕੇ ਉਤਾਰੇ ਗਏ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।