Moga News : 15 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਆਰੋਪ 'ਚ ਵਿਜੀਲੈਂਸ ਬਿਊਰੋ ਵੱਲੋਂ ਕਾਨੂੰਗੋ ਖਿਲਾਫ਼ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸਬੂਤ ਵਜੋਂ ਆਡੀਓ ਰਿਕਾਰਡਿੰਗ ਦਿੱਤੀ

Vigilance Bureau

Moga News : ਪੰਜਾਬ ਵਿਜੀਲੈਂਸ ਬਿਊਰੋ ਨੇ ਮੋਗਾ ਜ਼ਿਲੇ ਦੀ ਤਹਿਸੀਲ ਅਜੀਤਵਾਲ ਵਿਖੇ ਤਾਇਨਾਤ ਕਾਨੂੰਗੋ ਚਮਕੌਰ ਸਿੰਘ ਖਿਲਾਫ਼  15,000 ਰੁਪਏ ਦੀ ਰਿਸ਼ਵਤ ਮੰਗਣ ਦੇ ਆਰੋਪ 'ਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਕਾਨੂੰਗੋ ਚਮਕੌਰ ਸਿੰਘ ਦੇ ਖਿਲਾਫ ਇਹ ਮੁਕੱਦਮਾ ਕੇਵਲ ਸਿੰਘ ਵਾਸੀ ਪਿੰਡ ਮੱਦੋਕੇ ਦੀ ਸ਼ਿਕਾਇਤ 'ਤੇ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਕਰਦਿਆਂ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਕੇਵਲ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਸਬੂਤ ਵਜੋਂ ਆਡੀਓ ਰਿਕਾਰਡਿੰਗ ਦਿੱਤੀ ਹੈ। ਬੁਲਾਰੇ ਨੇ ਦੱਸਿਆ ਕਿ ਆਡੀਓ ਰਿਕਾਰਡਿੰਗ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਹਾਇਕ ਕੁਲੈਕਟਰ ਨੇ ਸ਼ਿਕਾਇਤਕਰਤਾ ਨੂੰ ਜ਼ਮੀਨ ਦੀ ਮਾਲਕੀ ਦੇਣ ਲਈ ਵਾਰੰਟ ਜਾਰੀ ਕੀਤਾ ਸੀ।

ਇਸ ਕੰਮ ਲਈ ਕਾਨੂੰਗੋ ਚਮਕੌਰ ਸਿੰਘ ਨੇ ਸ਼ਿਕਾਇਤਕਰਤਾ ਦੀ ਮਦਦ ਕਰਨ ਦੇ ਬਦਲੇ 15,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਆਰੋਪ ਸਹੀ ਪਾਇਆ ਗਿਆ। ਇਸ ਤੋਂ ਬਾਅਦ ਇਸ ਜਾਂਚ ਰਿਪੋਰਟ ਦੇ ਆਧਾਰ 'ਤੇ ਵਿਜੀਲੈਂਸ ਬਿਓਰੋ ਦੇ ਥਾਣਾ ਫ਼ਿਰੋਜ਼ਪੁਰ ਰੇਂਜ 'ਚ ਕਾਨੂੰਗੋ ਚਮਕੌਰ ਸਿੰਘ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਇਸ ਤਹਿਸੀਲ ਦਫ਼ਤਰ ਵਿੱਚ ਤਾਇਨਾਤ ਹੋਰ ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।