ਭਾਜਪਾ ਦੀ ਰਾਜਪੁਰਾ ‘ਕਿਸਾਨ ਮਜ਼ਦੂਰ ਫਤਿਹ ਰੈਲੀ’ ਦੌਰਾਨ ਰਵਨੀਤ ਬਿੱਟੂ ਨੇ ਅਕਾਲੀ ਦਲ ’ਤੇ ਲਗਾਇਆ ਵੱਡਾ ਆਰੋਪ
ਕਿਹਾ : ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ’ਚ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤਾ ਸੀ ਗੁੰਮਰਾਹ
Rajpura 'Kisan Mazdoor Fateh Rally' news : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ’ਚ ਅੱਜ ਰਾਜਪੁਰਾ ਵਿਖੇ ਭਾਜਪਾ ਵੱਲੋਂ ‘ਕਿਸਾਨ ਮਜ਼ਦੂਰ ਫਤਿਹ ਰੈਲੀ ਕੀਤੀ ਗਈ। ਇਸ ਰੈਲੀ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਮਹਾਰਾਣੀ ਪ੍ਰਨੀਤ ਕੌਰ, ਮਨਪ੍ਰੀਤ ਸਿੰਘ ਬਾਦਲ ਸਮੇਤ ਵੱਡੇ ਆਗੂ ਸ਼ਾਮਲ ਹੋਏ।
ਰੈਲੀ ਨੂੰ ਸੰਬੋਧਨ ਕਰਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਸਮੇਂ ਦੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਨੂੰ ਬਾਦਲ ਖੇਤੀ ਕਾਨੂੰਨਾਂ ਸਬੰਧੀ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਗੱਲ ਆਖੀ ਸੀ। ਪਰ ਹਰਸਿਮਰਤ ਕੌਰ ਨੇ ਪ੍ਰਧਾਨ ਮੰਤਰੀ ਕੋਲ ਜਾ ਕੇ ਝੂਠ ਬੋਲਿਆ ਕਿ ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕਰ ਲਈ ਅਤੇ ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਦੇ ਹੱਕ ਵਿਚ ਹਨ। ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਕੋਲ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਹੱਕ ਵਿਚ ਹੋਣ ਦਾ ਝੂਠ ਬੋਲ ਕੇ ਕੇਂਦਰ ਸਰਕਾਰ ਨੂੰ ਗੁੰਮਰਾਹ ਕੀਤਾ ਸੀ। ਜਿਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ। ਤਿੰਨ ਖੇਤੀ ਕਾਨੂੰਨ ਲਿਆਏ ਜਾਣ ਤੋਂ ਬਾਅਦ ਇਸ ਦਾ ਵੱਡੇ ਪੱਧਰ ’ਤੇ ਵਿਰੋਧ ਹੋਇਆ ਅਤੇ ਪੰਜਾਬ ਦੇ ਕਿਸਾਨਾਂ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕਿਸਾਨਾਂ ਅੰਦੋਲਨ ਕੀਤਾ ਗਿਆ। ਬਿੱਟੂ ਨੇ ਅੱਗੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਪਤਾ ਚਲਿਆ ਕਿ ਤਿੰਨ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਨਹੀਂ ਹਨ ਅਤੇ ਕਿਸਾਨ ਇਨ੍ਹਾਂ ਬਿਲਾਂ ਦੇ ਆਉਣ ਕਾਰਨ ਖੁਸ਼ ਨਹੀਂ ਹਨ, ਤਾਂ ਉਨ੍ਹਾਂ ਦੇਸ਼ ਭਰ ਦੇ ਸਮੂਹ ਕਿਸਾਨਾਂ ਤੋਂ ਮੁਆਫ਼ੀ ਮੰਗਦੇ ਹੋਏ ਇਨ੍ਹਾਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ।
ਰਵਨੀਤ ਬਿੱਟੂ ਨੇ ਅੱਗੇ ਕਿਹਾ ਕਿ ਅੱਜ ਅਸੀਂ ਕਿਸਾਨ ਮੰਡੀ ਵਿਚ ਕਿਸਾਨਾਂ ਦੀ ਭਲਾਈ ਲਈ ਰੈਲੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਸਿਰਫ਼ ਕਿਸਾਨਾਂ ਦਾ ਭਲਾ ਕਰ ਸਕਦੀ ਹੈ। ਜਿਵੇਂ ਭਾਜਪਾ ਨੇ ਮੈਨੂੰ ਹਾਰਨ ਦੇ ਬਾਵਜੂਦ ਮੰਤਰੀ ਬਣਾਇਆ ਹੈ ਅਤੇ ਜੇਕਰ ਤੁਸੀਂ ਵੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਦਿਓਗੇ ਤਾਂ ਕੇਂਦਰ ਸਰਕਾਰ ਤੁਹਾਡੀ ਭਲਾਈ ਲਈ ਕੰਮ ਕਰੇਗਾ।
ਰਾਜਪੁਰਾ ਤੋਂ ਚੰਡੀਗੜ੍ਹ, ਮੋਹਾਲੀ, ਫਿਰੋਜ਼ਪੁਰ ਤੋਂ ਪੱਟੀ ਨੂੰ ਰੇਲਵੇ ਨਾਲ ਜੋੜਨਾ ਲਈ ਤਿੰਨ ਰੇਲਵੇ ਲਾਈਨਾਂ ’ਤੇ 5000 ਕਰੋੜ ਰੁਪਏ ਦਾ ਖਰਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੰਘੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੋਹਾਲੀ ਵਿਚ ਸੈਮੀਕੰਡਕਟਰ ਦੀ ਫੈਕਟਰੀ ਲਗਾਉਣ ਸਬੰਧੀ ਵੀ ਐਲਾਨ ਕੀਤਾ ਗਿਆ। ਜਿਸ ਦੇ ਲੱਗਣ ਤੋਂ ਬਾਅਦ ਪੰਜਾਬ ਦੇ ਸੈਂਕੜੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਬਿੱਟੂ ਨੇ ਕਿਹਾ ਕਿ ਅਸੀਂ 2027 ’ਚ ਕੰਮ ਦੇ ਆਧਾਰ ’ਤੇ ਵੋਟ ਮੰਗਾਂਗੇ।
ਆਰ ਐਸ ਐਸ ਨੇ ਸਿੱਖਾਂ ਤੋਂ ਇਸਾਈ ਬਣ ਚੁੱਕੇ ਵਿਅਕਤੀਆਂ ਨੂੰ ਮੁੜ ਤੋਂ ਸਿੱਖੀ ਸਰੂਪ ’ਚ ਲਿਆਉਣ ਦਾ ਚੁੱਕਿਆ ਹੈ ਬੀੜਾ : ਬਿੱਟੂ
ਆਰ ਐਸ ਐਸ ਸਬੰਧੀ ਗੱਲ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਆਰ ਐਸ ਐਸ ਨੇ ਬੀੜਾ ਚੁੱਕਿਆ ਹੈ ਕਿ ਧਰਮ ਪਰਿਵਰਤਨ ਕਰਕੇ ਸਿੱਖੀ ਤੋਂ ਇਸਾਈ ਧਰਮ ’ਚ ਗਏ ਵਿਅਕਤੀ ਨੂੰ ਮੁੜ ਤੋਂ ਸਿੱਖੀ ਸਰੂਪ ’ਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਫੈਸਲਾ ਸਿਰਫ਼ ਆਰ ਐਸ ਐਸ ਵਰਗੀ ਹੀ ਸੰਸਥਾ ਲੈ ਸਕਦੀ ਜਦਕਿ ਸ਼੍ਰੋਮਣੀ ਅਕਾਲੀ ਅਤੇ ਐਸਜੀਪੀਸੀ ਨੇ ਧਰਮ ਪਰਿਵਰਤਨ ਕਰਕੇ ਸਿੱਖਾਂ ਤੋਂ ਇਸਾਈ ਬਣੇ ਵਿਅਕਤੀਆਂ ਸਬੰਧੀ ਕਦੇ ਵੀ ਗੱਲ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਸਿੱਖੀ ਧਰਮ ’ਚ ਵਾਪਸ ਲਿਆਉਣ ਲਈ ਕੋਈ ਯਤਨ ਕੀਤਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਆਰ ਐਸ ਐਸ ਵੱਲੋਂ ਪੰਜ ਸਾਲਾਂ ਦੇ ਅੰਦਰ ਧਰਮ ਪਰਿਵਰਤਨ ਕਰਕੇ ਦੂਜੇ ਧਰਮਾਂ ’ਚ ਗਏ ਵਿਅਕਤੀਆਂ ਨੂੰ ਮੁੜ ਤੋਂ ਆਪਣੇ ਧਰਮ ’ਚ ਲਿਆਂਦਾ ਜਾਵੇਗਾ।