Derabassi ’ਚ ਪੰਜ ਸਾਲਾ ਬੱਚੇ ਦੀ ਤਲਾਬ ’ਚ ਡੁੱਬਣ ਕਾਰਨ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੇ ਤਲਾਬ ਨੇੜੇ ਪੱਕੀ ਫੈਸਿੰਗ ਲਗਾਉਣ ਦੀ ਕੀਤੀ ਮੰਗ

Five-year-old child dies after drowning in pond in Derabassi

ਡੇਰਾਬਸੀ : ਨਗਰ ਕੌਂਸਲ ਡੇਰਾਬਸੀ ਅਧੀਨ ਪੈਂਦੇ ਪਿੰਡ ਮੁਬਾਰਕਪੁਰ ਦੇ ਵਾਰਡ ਨੰ. 2 ’ਚ ਦੁਖਦਾਈ ਘਟਨਾ ਵਾਪਰੀ ਹੈ। ਜਿੱਥੇ ਪਿੰਡ ਵਿਚ ਸਥਿਤ ਇਕ ਤਲਾਬ ’ਚ ਪੰਜ ਸਾਲਾ ਪਰਵਾਸੀ ਬੱਚਾ ਡੁੱਬ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਬੱਚੇ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੇ। ਮ੍ਰਿਤਕ ਬੱਚੇ ਦੀ ਪਛਾਣ ਅਧੀਰਾਜ ਪੁੱਤਰ ਅਖਿਲੇਸ਼ ਵਾਸੀ ਮੁਜ਼ਫ਼ਰਪੁਰ ਬਿਹਾਰ ਦੇ ਰੂਪ ਵਿਚ ਹੋਈ ਹੈ।

ਮ੍ਰਿਤਕ ਬੱਚੇ ਦੇ ਪਿਤਾ ਮੁਬਾਰਕਪੁਰ ’ਚ ਇਕ ਕਿਰਾਏ ਦੇ ਮਕਾਨ ’ਚ ਰਹਿ ਰਹੇ ਹਨ। ਉਨ੍ਹਾਂ ਦਾ ਬੱਚਾ ਸਥਾਨਕ ਬੱਚਿਆਂ ਨਾਲ ਤਲਾਬ ਕਿਨਾਰੇ ਲੱਗੇ ਝੂਲਿਆਂ ’ਤੇ ਖੇਡਣ ਗਿਆ ਸੀ ਪਰ ਅਚਾਨਕ ਉਹ ਝੂਲਿਆਂ ਦੇ ਨੇੜੇ ਤਲਾਬ ਵਿਚ ਡੁੱਬ ਗਿਆ। ਸਥਾਨਕ ਲੋਕਾਂ ਨੇ ਕਾਫ਼ੀ ਦੇਰ ਬਾਅਦ ਬੱਚੇ ਨੂੰ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਇਸ ਘਟਨਾ ਬਾਰੇ ਕੌਂਸਲਰ ਬੰਟੀ ਰਾਣਾ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਤਲਾਬ ਨੇੜੇ ਕੋਈ ਵੀ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ, ਨਾ ਹੀ ਤਲਾਬ ਦੇ ਚਾਰੇ ਪਾਸੇ ਫੈਸਿੰਗ ਲਗਾਈ ਗਈ ਹੈ ਅਤੇ ਨਾ ਹੀ ਕੋਈ ਸੁਰੱਖਿਆ ਚੇਤਾਵਨੀ ਬੋਰਡ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਲਾਬ ਦੇ ਨੇੜੇ ਝੂਲੇ ਲਗਾਉਣ ਕਾਰਨ ਬੱਚਿਆਂ ਅਤੇ ਲੋਕਾਂ ਦਾ ਆਉਣਾ–ਜਾਣਾ ਲਗਾਤਾਰ ਰਹਿੰਦਾ ਹੈ, ਜਿਸ ਕਰਕੇ ਖ਼ਤਰਾ ਵਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਅਧਿਕਾਰੀਆਂ ਨੂੰ ਕਿਹਾ ਸੀ ਕਿ ਤਲਾਬ ਨੇੜੇ ਝੂਲੇ ਨਾ ਲਗਾਏ ਜਾਣ, ਨਹੀਂ ਤਾਂ ਕੋਈ ਨਾ ਕੋਈ ਦੁਰਘਟਨਾ ਵਾਪਰ ਸਕਦੀ ਹੈ। ਇਸੇ ਕਾਰਨ ਇਕ ਪੰਜ ਸਾਲਾਂ ਪਰਵਾਸੀ ਬੱਚੇ ਦੀ ਮੌਤ ਹੋ ਗਈ ਹੈ।
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਗਰ ਕੌਂਸਲ ਵੱਲੋਂ ਤੁਰੰਤ ਤਲਾਬ ਨੇੜੇ ਸੁਰੱਖਿਆ ਪ੍ਰਬੰਧ ਨਾ ਕੀਤੇ ਗਏ, ਤਾਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਲੋਕਾਂ ਦੀ ਮੰਗ ਹੈ ਕਿ ਤਲਾਬ ਨੇੜੇ ਪੱਕੀ ਫੈਸਿੰਗ ਲਗਾਈ ਜਾਵੇ ਅਤੇ ਚੇਤਾਵਨੀ ਬੋਰਡ ਲਗਾਏ ਜਾਣ ਅਤੇ ਬੱਚਿਆਂ ਦੀ ਸੁਰੱਖਿਆ ਲਈ ਲਾਜ਼ਮੀ ਕਦਮ ਚੁੱਕੇ ਜਾਣ। ਇਸ ਹਾਦਸੇ ਨੇ ਨਗਰ ਕੌਂਸਲ ਦੀ ਲਾਪਰਵਾਹੀ ਨੂੰ ਬੇਨਕਾਬ ਕਰ ਦਿੱਤਾ ਹੈ। ਬੱਚੇ ਦੀ ਮੌਤ ਨਾਲ ਪਰਿਵਾਰ ਤੇ ਪਿੰਡ ਵਿਚ ਗਮ ਦਾ ਮਾਹੌਲ ਹੈ ਅਤੇ ਹਰ ਕੋਈ ਸਥਾਨਕ ਪ੍ਰਸ਼ਾਸਨ ਨੂੰ ਇਸ ਲਈ ਜ਼ਿੰਮੇਵਾਰ ਮੰਨ ਰਿਹਾ ਹੈ।