Batala ਦੇ ਪਿੰਡ ਚੰਦੂ ਸੂਜਾ ’ਚ ਪਾਣੀ ’ਚ ਡੁੱਬਣ ਕਾਰਨ ਮਾਸੂਮ ਭੈਣ-ਭਰਾ ਦੀ ਹੋਈ ਮੌਤ
ਬੱਚਿਆਂ ਦੀ ਪਹਿਚਾਣ 13 ਸਾਲਾ ਪ੍ਰਿੰਸ ਅਤੇ 12 ਸਾਲਾ ਲਕਸ਼ਮੀ ਵਜੋਂ ਹੋਈ
ਬਟਾਲਾ/ਧਿਆਨਪੁਰ : ਬਟਾਲਾ ਦੇ ਪਿੰਡ ਚੰਦੂ ਸੂਜਾ ਦੇ ਇੱਕ ਭੱਠੇ ਦੇ ਖੱਡੇ ਨੇੜੇ ਖੇਡਦਿਆਂ ਮਾਸੂਮ ਭੈਣ ਭਰਾ ਦਾ ਪੈਰ ਤਿਲਕ ਗਿਆ ਅਤੇ ਉਹ ਪਾਣੀ ਨਾਲ ਭਰੇ ਖੱਡੇ ’ਚ ਡਿੱਗ ਪਏ ਅਤੇ ਉਨ੍ਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਦੋਵੇਂ ਮਾਸੂਮ ਭੈਣ-ਭਰਾ 15 ਅਗਸਤ ਨੂੰ ਖੇਡਦਿਆਂ ਅਚਾਨਕ ਗਾਇਬ ਹੋ ਗਏ ਸਨ, ਜਿਸ ਤੋਂ ਬਾਅਦ ਬੱਚਿਆਂ ਦੀ ਮਾਂ ਨੇ ਅਗਵਾ ਹੋਣ ਦੇ ਡਰੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
16 ਅਗਸਤ ਨੂੰ ਬੱਚਿਆਂ ਦੀ ਭਾਲ ਕਰਦਿਆਂ ਦੋਵੇਂ ਬੱਚੇ ਭੱਠੇ ਨੇੜੇ ਬਣੇ ਪਾਣੀ ਦੇ ਖੱਡੇ ’ਚ ਮ੍ਰਿਤਕ ਪਾਏ ਗਏ। ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਰੱਜੀ ਵਿਧਵਾ ਲਾਡੀ ਵਾਸੀ ਚਾਟੀਵਿੰਡ ਨਹਿਰ ਹਾਲ ਵਾਸੀ ਭੱਠਾ ਚੰਦੂ ਸੂਜਾ ਨੇ ਦੱਸਿਆ ਕਿ ਉਸਦੇ ਪਤੀ ਦੀ ਕਰੀਬ ਤਿੰਨ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸਦੇ ਚਾਰ ਬੱਚੇ ਹਨ। ਉਸਨੇ ਦੱਸਿਆ ਕਿ ਉਸ ਦਾ ਵੱਡਾ ਬੇਟਾ ਪ੍ਰਿੰਸ ਜਿਸ ਦੀ ਉਮਰ 13 ਸਾਲ ਅਤੇ ਲੜਕੀ ਲਕਸ਼ਮੀ ਜਿਸਦੀ ਉਮਰ ਕਰੀਬ 12 ਸਾਲ ਹੈ, 15 ਅਗਸਤ ਨੂੰ ਭੱਠੇ ਦੇ ਨਜ਼ਦੀਕ ਖੇਡ ਰਹੇ ਸਨ ਪਰ ਜਦੋਂ ਸ਼ਾਮ ਨੂੰ ਘਰ ਵਾਪਸ ਨਾ ਆਏ ਤਾਂ ਉਨ੍ਹਾਂ ਨੇ ਦੋਵਾਂ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ।
ਉਹਨਾਂ ਦੱਸਿਆ ਕਿ 16 ਅਗਸਤ ਨੂੰ ਰੱਜੀ ਅਤੇ ਉਸਦੇ ਹੋਰ ਪਰਿਵਾਰਕ ਮੈਂਬਰ ਆਪਣੇ ਤੌਰ ’ਤੇ ਬੱਚਿਆਂ ਦੀ ਭਾਲ ਕਰ ਰਹੇ ਸਨ ਕਿ ਉਹਨਾਂ ਨੂੰ ਭੱਠੇ ਦੇ ਨਜ਼ਦੀਕ ਬਣੇ ਪਾਣੀ ਦੇ ਖੱਡ ’ਚ ਦੋਵਾਂ ਬੱਚਿਆਂ ਪ੍ਰਿੰਸ ਅਤੇ ਲਕਸ਼ਮੀ ਦੀ ਲਾਸ਼ਾਂ ਮਿਲੀਆਂ। ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।