Delhi ’ਚ ਗੁਰਸਿੱਖ ਸਰਪੰਚ ਦੇ ਕਕਾਰਾਂ ’ਤੇ ਸੁਰੱਖਿਆ ਗਾਰਡਾਂ ਨੇ ਜਤਾਇਆ ਇਤਰਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਸਾਹਿਬ ਕਾਰਨ ਕਾਲਸਨਾਂ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਲਾਲ ਕਿਲ੍ਹੇ ’ਚ ਨਹੀਂ ਮਿਲੀ ਐਂਟਰੀ

Security guards object to Gursikh Sarpanch's remarks in Delhi

Gursikh Sarpanch news in punjabi : ਅਜ਼ਾਦੀ ਦਿਹਾੜੇ ਮੌਕੇ ਪਟਿਆਲਾ ਜ਼ਿਲ੍ਹੇ ਦੇ ਨਾਭਾ ਬਲਾਕ ਦੇ ਪਿੰਡ ਕਾਲਸਨਾਂ ਦੀ ਪੰਚਾਇਤ ਨੂੰ ਨਵੀਂ ਦਿੱਲੀ ਨਗਰ ਪ੍ਰੀਸ਼ਦ ’ਚ ਜਲ ਸ਼ਕਤੀ ਮੰਤਰਾਲੇ ਦੇ ਮੰਤਰੀ ਵੀ. ਸਮਨਾ ਵੱਲੋਂ ਪਿੰਡ ਦੀ ਸਫਾਈ ਲਈ ਸਨਮਾਨਿਤ ਕੀਤਾ ਜਾਣਾ ਸੀ। ਜਿਸ ਦੇ ਚਲਦਿਆਂ ਪਿੰਡ ਕਾਲਸਨਾਂ ਦੇ ਸਰਪੰਚ ਗੁਰਧਿਆਨ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਹੋਣ ਵਾਲੇ ਸਮਾਗਮ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ।

15 ਅਗਸਤ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਲ ਕਿਲ੍ਹੇ ’ਤੇ ਕੌਮੀ ਝੰਡਾ ਲਹਿਰਾਇਆ ਜਾਣਾ ਸੀ ਤਾਂ ਮਿਲੇ ਸੱਦੇ ਅਨੁਸਾਰ ਸਮਾਗਮ ’ਚ ਸ਼ਾਮਲ ਹੋਣ ਲਈ ਸਰਪੰਚ ਗੁਰਧਿਆਨ ਸਿੰਘ ਵੀ ਪਹੁੰਚ ਗਿਆ। ਅੰਮ੍ਰਿਤਧਾਰੀ ਗੁਰਧਿਆਨ ਸਿੰਘ ਨੇ ਸ੍ਰੀ ਸਾਹਿਬ ਪਹਿਨੀ ਹੋਈ ਸੀ, ਜਿਸ ਕਾਰਨ ਉਥੇ ਮੌਜੂਦ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਸੁਰੱਖਿਆ ਗਾਰਡਾਂ ਨੇ ਸਰਪੰਚ ਗੁਰਧਿਆਨ ਸਿੰਘ ਨੂੰ ਕਿਹਾ ਕਿ ਜਦੋਂ ਤੱਕ ਤੁਸੀਂ ਸ੍ਰੀ ਸਾਹਿਬ ਨੂੰ ਨਹੀਂ ਹਟਾਓਗੇ ਉਦੋਂ ਤੱਕ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਸਰਪੰਚ ਗੁਰਧਿਆਨ ਸਿੰਘ ਨੇ ਕਿਹਾ ਕਿ ਉਹ ਸ੍ਰੀ ਸਾਹਿਬ ਨਹੀਂ ਹਟਾਉਣਗੇ ਅਤੇ ਉਹ ਸਮਾਗਮ ਵਿਚ ਬਿਨਾ ਹਿੱਸਾ ਲਏ ਹੀ ਵਾਪਸ ਆ ਗਏ।

ਸਰਪੰਚ ਗੁਰਧਿਆਨ ਸਿੰਘ ਨੇ ਕਿਹਾ ਕਿ ਵਿਦੇਸ਼ਾਂ ’ਚ ਸਿੱਖਾਂ ਨਾਲ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪਰ ਦਿੱਲੀ ਵਿੱਚ ਮੇਰੇ ਨਾਲ ਜੋ ਕੁਝ ਵੀ ਹੋਇਆ ਹੈ ਮੈਂ ਉਸਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਮੰਗ ਕਰਦਾ ਹਾਂ ਕੇਂਦਰ ਸਰਕਾਰ ਕੋਲ ਇਸ ਮੁੱਦੇ ਜ਼ੋਰ-ਸ਼ੋਰ ਨਾਲ ਚੁੱਕਿਆ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਗੁਰਸਿੱਖ ਨੂੰ ਅਜਿਹੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।