ਵਟਸਐਪ ਗਰੁੱਪਾਂ ਰਾਹੀਂ ਦੰਗਾਕਾਰੀਆਂ ਨੂੰ ਦੇ ਰਹੇ ਸਨ ਨਿਰਦੇਸ਼
ਨਵੀਂ ਦਿੱਲੀ, 16 ਸਤੰਬਰ : ਉੱਤਰ-ਪੂਰਬੀ ਦਿੱਲੀ ਵਿਚ 24 ਫ਼ਰਵਰੀ ਨੂੰ ਸੀਏਏ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਦੰਗੇ ਭੜਕੇ ਸਨ। ਇਸ ਵਿਚ 53 ਲੋਕ ਮਾਰੇ ਗਏ ਅਤੇ 200 ਤੋਂ ਵੱਧ ਲੋਕ ਜ਼ਖ਼ਮੀ ਹੋਏ। ਪੁਲਿਸ ਨੇ ਇਸ ਮਾਮਲੇ ਵਿਚ 751 ਐਫ਼ਆਈਆਰ ਦਰਜ ਕੀਤੀਆਂ ਹਨ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈਲ ਨੇ ਬੁਧਵਾਰ ਨੂੰ ਕਰਕਰਡੂਮਾ ਅਦਾਲਤ ਵਿਚ ਦਿੱਲੀ ਦੰਗਿਆਂ ਦੇ ਕੇਸ ਵਿਚ 15 ਮੁਲਜ਼ਮਾਂ ਵਿਰੁਧ 10,000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਦੇ ਅਨੁਸਾਰ ਵਟਸਐਪ ਗਰੁੱਪ ਅਤੇ ਚੈਟ ਰਾਹੀਂ ਹਿੰਸਾ ਫ਼ੈਲਾਉਣ ਦੀ ਸਾਜਸ਼ ਰਚੀ ਗਈ ਸੀ। 24 ਫ਼ਰਵਰੀ ਦੀ ਵਟਸਐਪ ਚੈਟ ਨੂੰ ਵੀ ਸਬੂਤ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸੇ ਦਿਨ ਇਥੇ ਦੰਗੇ ਹੋਏ ਸਨ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਮੁੱਖ ਸਾਜ਼ਸ਼ ਕਰਤਾ ਪ੍ਰਦਰਸ਼ਨਕਾਰੀਆਂ ਨੂੰ ਨਿਰਦੇਸ਼ ਦੇ ਰਹੇ ਸਨ। ਹਰ ਜਗ੍ਹਾ ਦੰਗੇ ਫ਼ੈਲਾਉਣ ਲਈ 25 ਵਟਸਐਪ ਗਰੁੱਪ ਬਣਾਏ ਗਏ ਸਨ। ਪੁਲਿਸ ਨੇ ਹਰੇਕ ਸਮੂਹ ਅਤੇ ਇਸਦੀ ਭੂਮਿਕਾ ਦੀ ਪਛਾਣ ਕੀਤੀ ਗਈ ਹੈ। ਚਾਰਜਸ਼ੀਟ ਵਿਚ ਉਮਰ ਖ਼ਾਲਿਦ ਅਤੇ ਸ਼ਰਜੀਲ ਇਮਾਮ ਦਾ ਨਾਮ ਨਹੀਂ ਹੈ। ਪੁਲਿਸ ਅਨੁਸਾਰ ਦੋਵਾਂ ਨੂੰ ਹਾਲ ਹੀ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਇਸ ਲਈ ਉਨ੍ਹਾਂ ਦੇ ਨਾਮ ਪੂਰਕ ਚਾਰਜਸ਼ੀਟ ਵਿਚ ਸ਼ਾਮਲ ਕੀਤੇ ਜਾਣਗੇ। ਚਾਰਜਸ਼ੀਟ ਵਿਚ ਆਮ ਆਦਮੀ ਪਾਰਟੀ ਦੇ ਆਗੂ ਤਾਹਿਰ ਹੁਸੈਨ, ਪਿੰਜਰੇ ਤੋੜ ਕਾਰਕੁਨ ਦੇਵਾਗਾਨਾ ਕਾਲਿਤਾ ਅਤੇ ਨਤਾਸ਼ਾ ਨਰਵਾਲ, ਪੀਐਫਆਈ ਨੇਤਾ ਪਰਵੇਜ਼ ਅਹਿਮਦ ਅਤੇ ਮੁਹੰਮਦ ਇਲਿਆਜ਼, ਕਾਰਕੁਨਾਂ ਸੈਫੀ ਖਾਲਿਦ, ਸਾਬਕਾ ਵਕੀਲ ਇਸ਼ਰਤ ਜਹਾਂ, ਜਾਮੀਆ ਵਿਦਿਆਰਥੀ ਆਸਿਫ਼ ਇਕਬਾਲ, ਮੀਰਨ ਹੈਦਰ ਅਤੇ ਸਫ਼ੂਰਾ ਜਰਗਰ, ਸ਼ਾਦਾਬ ਅਹਿਮਦ ਅਤੇ ਤਸਲੀਮ ਅਹਿਮਦ ਦੇ ਨਾਮ ਸ਼ਾਮਲ ਹਨ। ਸਾਰਿਆਂ 'ਤੇ ਗ਼ੈਰਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ (ਯੂ.ਏ.ਪੀ.ਏ), ਆਈਪੀਸੀ ਅਤੇ ਆਰਮਜ਼ ਐਕਟ ਦੇ ਅਧੀਨ ਚਾਰਜ ਕੀਤਾ ਗਿਆ ਹੈ। (ਏਜੰਸੀ)