ਰੋਸ ਮਾਰਚ ਦੌਰਾਨ ਸਿਮਰਜੀਤ ਬੈਂਸ ਗ੍ਰਿਫ਼ਤਾਰ, ਬਿਨ੍ਹਾਂ ਇਜਾਜ਼ਤ ਦੇ ਮਾਰਚ ਕੱਢਣ ਦੇ ਲੱਗੇ ਇਲਜ਼ਾਮ

ਏਜੰਸੀ

ਖ਼ਬਰਾਂ, ਪੰਜਾਬ

ਪੋਸਟ ਮੈਟ੍ਰਿਕ ਸਕਾਲਰਸ਼ਿਪ 'ਚ ਹੋਏ ਘਪਲੇ ਦੇ ਮਾਮਲੇ ਵਿਚ ਕੱਢਿਆ ਜਾ ਰਿਹਾ ਹੈ ਮਾਰਚ

Simarjit Bains arrested during March, charges of marching without permission

ਜਲੰਧਰ - ਪੋਸਟ ਮੈਟ੍ਰਿਕ ਸਕਾਲਰਸ਼ਿਪ 'ਚ ਹੋਏ ਘਪਲੇ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸੇ ਘਪਲੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਵੱਲੋਂ ਜਲੰਧਰ ਦੇ ਲੰਮਾ ਪਿੰਡ ਚੌਕ 'ਚ ਰੋਸ ਮਾਰਚ ਸ਼ੁਰੂ ਕੀਤਾ ਗਿਆ ਪਰ ਇਸ ਰੋਸ ਮਾਰਚ ਦੌਰਾਨ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਰਸਤੇ 'ਚ ਹੀ ਰੋਕ ਦਿੱਤਾ ਗਿਆ। ਇਸ ਦੌਰਾਨ ਬੈਂਸ ਸਮੇਤ ਉਨ੍ਹਾਂ ਦੇ ਸਮਰਥਕਾਂ ਨੂੰ ਹਿਰਾਸਤ 'ਚ ਵੀ ਲੈ ਲਿਆ ਗਿਆ ਹੈ।

ਉਨ੍ਹਾਂ 'ਤੇ ਬਿਨ੍ਹਾਂ ਇਜਾਜ਼ਤ ਦੇ ਰੋਸ ਮਾਰਚ ਕੱਢਣ ਦੇ ਇਲਜ਼ਾਮ ਲਗਾਏ ਗਏ ਹਨ। ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਰੋਸ ਮਾਰਚ ਨੂੰ ਲੈ ਕੇ ਰੋਡ ਮੈਪ ਤਿਆਰ ਕੀਤਾ ਗਿਆ ਸੀ ਅਤੇ ਉਸੇ ਹਿਸਾਬ ਨਾਲ ਹੀ ਮਾਰਚ ਕਰਨ ਦਿੱਤਾ ਜਾਣਾ ਚਾਹੀਦਾ ਹੈ ਪਰ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਰਸਤੇ 'ਚ ਰੋਕ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਨੰਬਰ-8 'ਚ ਲਿਜਾਇਆ ਗਿਆ।

ਜ਼ਿਕਰਯੋਗ ਹੈ ਕਿ ਲੋਕ ਇਨਸਾਫ਼ ਪਾਰਟੀ ਵੱਲੋਂ ਦਲਿਤ ਵਿਦਿਆਰਥੀ ਬਚਾਓ ਯਾਤਰਾ ਦੀ ਸ਼ੁਰੂਆਤ ਬੀਤੇ ਦਿਨ ਭਗਤ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਕੀਤੀ ਗਈ ਸੀ। ਇਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਸੀ ਕਿ ਇਹ ਯਾਤਰਾ ਸਾਧੂ ਸਿੰਘ ਧਰਮਸੋਤ ਦੀ ਬਰਖ਼ਾਸਤੀ ਅਤੇ ਇਸ ਘਪਲੇ ਦੀ ਸੀ. ਬੀ. ਆਈ. ਤੋਂ ਜਾਂਚ ਦੀ ਮੰਗ ਕਰਵਾਉਣ ਲਈ ਕੱਢੀ ਜਾ ਰਹੀ ਹੈ।