ਸ਼੍ਰੋਮਣੀ ਕਮੇਟੀ 'ਚ ਬੈਠੇ ਜਾਗਦੀ ਜ਼ਮੀਰ ਵਾਲੇ ਇਸ ਨੂੰ ਖ਼ੂਨੀ ਕਮੇਟੀ ਬਣਨ ਤੋਂ ਬਚਾਉਣ : ਪੰਜ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ 328 ਲਾਪਤਾ ਸਰੂਪਾਂ ਦਾ ਸ਼ਾਂਤਮਈ ਢੰਗ ਨਾਲ ਇਨਸਾਫ਼ ਲੈਣ.........

FILE PHOTO

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ 328 ਲਾਪਤਾ ਸਰੂਪਾਂ ਦਾ ਸ਼ਾਂਤਮਈ ਢੰਗ ਨਾਲ ਇਨਸਾਫ਼ ਲੈਣ ਲਈ ਮੋਰਚੇ 'ਤੇ ਬੈਠੀ ਸੰਗਤ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਵਲੋਂ ਕੀਤੀ ਮਾਰ-ਕੁਟਾਈ ਤੇ ਧੱਕੇਸ਼ਾਹੀ ਤੋਂ ਕਮੇਟੀ ਦੇ ਅਹੁਦੇਦਾਰਾਂ ਦੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਇਹ ਵਿਚਾਰ ਪੰਜ ਸਿੰਘਾਂ ਵਿਚੋਂ ਭਾਈ ਸਤਨਾਮ ਸਿੰਘ ਝੰਜੀਆ ਤੇ ਭਾਈ ਤਰਲੋਕ ਸਿੰਘ ਨੇ ਦਿਤੇ।

ਉਨ੍ਹਾਂ ਕਿਹਾ ਕਿ ਸਮੁੱਚੇ ਸੰਸਾਰ ਵਿਚ ਵਸਦੀ ਸਿੱਖ ਕੌਮ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਵਲੋਂ ਸੰਗਤਾਂ ਅਤੇ ਪੱਤਰਕਾਰ ਭਾਈਚਾਰੇ ਤੇ ਬਿਨਾਂ ਵਜ੍ਹਾ ਕੀਤੇ ਖ਼ੂਨੀ ਹਮਲੇ ਤੋਂ ਚਿੰਤਿਤ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਵਿਚ ਬੈਠੇ ਜਾਗਦੀ ਜ਼ਮੀਰ ਵਾਲੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਕਮੇਟੀ ਨੂੰ ਖ਼ੂਨੀ ਕਮੇਟੀ ਬਣਨ ਤੋਂ ਬਚਾਉਣ।

 ਮੋਰਚੇ 'ਤੇ ਬੈਠੇ ਸਿੰਘਾਂ ਦੀ ਟੀਨਾਂ ਲਗਾ ਕੇ ਕੀਤੀ ਘੇਰਾਬੰਦੀ ਨਾਲ ਗੁਰਦਵਾਰਾ ਬਾਬਾ ਅਟੱਲ ਰਾਏ ਸਾਹਿਬ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈ ਸੰਗਤਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਬਾਦਲਕਿਆਂ ਦੀ ਇਹ ਪੰਥ ਵਿਰੋਧੀ ਕਾਰਵਾਈ ਭੁਲਣਯੋਗ ਤੇ ਬਖ਼ਸ਼ਣਯੋਗ ਨਹੀਂ ਹੈ। ਸੰਗਤਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਾਦਲਕਿਆਂ ਨੇ ਗੁਰੂ ਘਰ ਦੀ ਨਾਕਾਬੰਦੀ ਕੀਤੀ ਹੈ ਉਸੇ ਤਰ੍ਹਾਂ ਇਨ੍ਹਾਂ ਦੀ ਸਿਆਸੀ ਨਾਕਾਬੰਦੀ ਕੀਤੀ ਜਾਵੇ।