ਕਿਸਾਨ ਜਥੇਬੰਦੀਆਂ ਸਿਆਸੀ ਦਲਾਂ 'ਤੇ ਲਾਈਆਂ ਗਈਆਂ ਪਾਬੰਦੀਆਂ ਬਾਰੇ ਮੁੜ ਵਿਚਾਰ ਕਰਨ ਕੈਪਟਨ ਚੰਨਣ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਜਥੇਬੰਦੀਆਂ ਸਿਆਸੀ ਦਲਾਂ 'ਤੇ ਲਾਈਆਂ ਗਈਆਂ ਪਾਬੰਦੀਆਂ ਬਾਰੇ ਮੁੜ ਵਿਚਾਰ ਕਰਨ : ਕੈਪਟਨ ਚੰਨਣ ਸਿੰਘ

IMAGE

ਚੰਡੀਗੜ੍ਹ, 16 ਸਤੰਬਰ (ਗੁਰਉਪਦੇਸ਼ ਭੁੱਲਰ): ਕਿਰਤੀ ਕਿਸਾਨ ਸ਼ੇਰੇ-ਏ-ਪੰਜਾਬ ਪਾਰਟੀ ਦੇ ਪ੍ਰਧਾਨ ਕੈਪਟਨ ਚੰਨਣ ਸਿੰਘ ਨੇ ਕਿਸਾਨ ਜਥੇਬੰਦੀਆਂ ਤੋਂ ਮੰਗ ਕੀਤੀ ਹੈ ਕਿ ਉਹ ਸਿਆਸੀ ਦਲਾਂ ਉਪਰ ਚੋਣ ਰੈਲੀਆਂ ਨਾ ਕਰਨ ਦੀਆਂ ਲਾਈਆਂ ਪਾਬੰਦੀਆਂ ਬਾਰੇ ਮੁੜ ਵਿਚਾਰ ਕਰਨ | 
ਅੱਜ ਪ੍ਰੈਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਨਵੀਆਂ ਪਾਰਟੀਆਂ ਨੂੰ  ਵੱਧ ਨੁਕਸਾਨ ਹੈ ਅਤੇ ਜੇ ਉਹ ਅਪਣੀਆਂ ਸਿਆਸੀ ਸਰਗਰਮੀਆਂ ਨਹੀਂ ਕਰਨਗੀਆਂ ਤਾਂ ਲੋਕਾਂ ਤਕ ਅਪਣੇ ਵਿਚਾਰ ਕਿਸ ਤਰ੍ਹਾਂ ਪਹੁੰਚਾਉਣਗੀਆਂ | ਉਨ੍ਹਾਂ ਕਿਹਾ ਕਿ ਨਵੀਆਂ ਪਾਰਟੀਆਂ ਨੇ ਹੀ ਤੀਜਾ ਬਦਲ ਰਵਾਇਤੀ ਪਾਰਟੀਆਂ ਦੇ ਮੁਕਾਬਲੇ ਉਸਾਰਨਾ ਹੈ, ਜਿਸ ਕਰ ਕੇ ਛੋਟੀਆਂ ਰੈਲੀਆਂ ਅਤੇ ਪਿੰਡਾਂ ਵਿਚ ਇਕੱਠ ਕਰਨ ਦੀ ਕਿਸਾਨ ਜਥੇਬੰਦੀਆਂ ਆਗਿਆ ਦੇਣ | ਉਨ੍ਹਾਂ ਗੰਨੇ ਦਾ ਭਾਅ ਵਧਾਉਣ ਸਮੇਂ ਕਿਸਾਨ ਆਗੂਆਂ ਵਲੋਂ ਮੁੱਖ ਮੰਤਰੀ ਨੂੰ  ਖੁਆਏ ਲੱਡੂਆਂ 'ਤੇ ਵੀ ਸਵਾਲ ਚੁਕਦਿਆਂ ਕਿਹਾ ਕਿ ਇਸ ਨਾਲ ਗ਼ਲਤ ਸੰਦੇਸ਼ ਲੋਕਾਂ ਵਿਚ ਗਿਆ ਹੈ ਜਦਕਿ ਗੰਨੇ ਦਾ ਮੁਲ ਵਧਾਉਣ ਤਾਂ ਸਰਕਾਰ ਦਾ ਕੰਮ ਸੀ | ਕੈਪਟਨ ਚੰਨਣ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਉਹ ਹੁਣ ਨਸ਼ੇ ਰੇਲ ਮਾਫ਼ੀਆ ਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ 'ਤੇ ਕਿਉਂ ਨਹੀਂ ਬੋਲਦੇ? ਇਸ ਨਾਲ ਸਿੱਧੂ ਦੀ ਲੋਕਪਿ੍ਯਤਾ ਵਿਚ ਵੀ ਕਮੀ ਆਵੇਗੀ |
ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਸ਼ੇਰ ਏ ਪੰਜਾਬ ਪਾਰਟੀ ਅਪਣਾ ਢਾਂਚਾ ਮਜ਼ਬੂਤ ਕਰ ਕੇ ਆਉਂਦੀਆਂ ਚੋਣਾਂ ਵਿਚ ਲੋਕਾਂ ਨੂੰ  ਤੀਜਾ ਬਦਲ ਦੇਣ ਲਈ ਕੰਮ ਕਰ ਰਹੀ ਹੈ | ਕੈਪਟਨ ਚੰਨਣ ਸਿੰਘ ਨਾਲ ਪਾਰਟੀ ਦੇ ਜਨਰਲ ਸਕੱਤਰ ਸਾਬਕਾ ਆਈ.ਏ.ਐਸ. ਐਸ.ਆਰ. ਲੱਧੜ ਤੇ ਹੋਰ ਆਗੂ ਵੀ ਮੌਜੂੂਦ ਸਨ |