ਜੇ ਬੱਚੇ ਕੋਰੋਨਾ ਵਾਇਰਸ ਦੇ ਸੰਪਰਕ ’ਚ ਆ ਜਾਣ ਪਰ ਲੱਛਣ ਨਾ ਹੋਣ ਤਾਂ ਚਿੰਤਾ ਦੀ ਗੱਲ ਨਹੀਂ : ਮਾਹਰ

ਏਜੰਸੀ

ਖ਼ਬਰਾਂ, ਪੰਜਾਬ

ਜੇ ਬੱਚੇ ਕੋਰੋਨਾ ਵਾਇਰਸ ਦੇ ਸੰਪਰਕ ’ਚ ਆ ਜਾਣ ਪਰ ਲੱਛਣ ਨਾ ਹੋਣ ਤਾਂ ਚਿੰਤਾ ਦੀ ਗੱਲ ਨਹੀਂ : ਮਾਹਰ

image

ਨਵੀਂ ਦਿੱਲੀ, 16 ਸਤੰਬਰ : ਮਿਜ਼ੋਰਮ ਅਤੇ ਕੇਰਲ ਸਮੇਤ ਕੁੱਝ ਰਾਜਾਂ ’ਚ ਦਸ ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਕੋਵਿਡ 19 ਦੇ ਮਾਮਲਿਆਂ ’ਚ ਹੋ ਰਹੇ ਵਾਧੇ ਦੇ ਵਿਚਕਾਰ ਮਾਹਰਾਂ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਬੱਚੇ ਕੋਰੋਨਾ ਵਾਇਰਸ ਨਾਲ ਪੀੜਤ ਹੋ ਜਾਣ, ਪਰ ਉਨ੍ਹਾਂ ’ਚ ਲਾਗ ਦੇ ਲੱਛਣ ਨਾ ਹੋਣ ਤੇ ਵਾਇਰਸ ਦੀ ਸਥਿਤੀ ਗੰਭੀਰ ਨਾ ਹੋਵੇ ਤਾਂ ਫਿਰ ਜ਼ਿਆਦਾ ਘਬਰਾਉਣ ਦੀ ਗੱਲ ਨਹੀਂ ਹੈ। ਹਾਲਾਂਕਿ ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿਤਾ ਕਿ ਜ਼ਿਆਦਾ ਗਿਣਤੀ ’ਚ ਬੱਚਿਆਂ ਨੂੰ ਹਸਪਤਾਲਾਂ ’ਚ ਦਾਖ਼ਲ ਕਰਾਉਣ ਦੀ ਲੋੜ ਪੈਣ ਸਮੇਤ ਕਿਸੇ ਵੀ ਐਮਰਜੈਂਸੀ ਹਾਲਾਤ ਤੋਂ ਨਜਿੱਠਣ ਲਈ ਤਿਆਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇੰਤਜ਼ਾਮ ਦਰੁਸਤ ਕੀਤੇ ਜਾਣੇ ਚਾਹੀਦੇ ਹਨ। 
ਅਧਿਕਾਰਿਕ ਸੂਤਰਾਂ ਦਾ ਕਹਿਣਾ ਹੈ ਕਿ ਇਸ ਸਾਲ ਮਾਰਚ ਤੋਂ ਕੋਵਿਡ 19 ਦੇ ਕੁਲ ਇਲਾਜ ਅਧੀਨ ਮਾਮਲਿਆਂ ’ਚ ਦਸ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਵਧੀ ਹੈ। ਉਨ੍ਹਾਂ ਕਿਹਾ ਕਿ ਮਿਜ਼ੋਰਮ, ਮੇਘਾਲਿਆ, ਮਣੀਪੁਰ ਅਤੇ ਕੇਰਲਾ ਸਮੇਤ ਕੁੱਝ ਰਾਜਾਂ ’ਚ ਬੱਚਿਆਂ ’ਚ ਲਾਗ ਦੇ ਕਾਫ਼ੀ ਮਾਮਲੇ ਸਾਹਮਣੇ ਆਏ ਹਨ। ਮਿਜ਼ੋਰਮ ’ਚ ਮੰਗਲਵਾਰ ਨੂੰ ਕੋਵਿਡ 19 ਦੇ ਹੁਣ ਤਕ ਸੱਭ ਤੋਂ ਵੱਧ 1502 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿਚ 300 ਬੱਚੇ ਸ਼ਾਮਲ ਹਨ। 
ਟੀਕਾਕਰਨ ’ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਕਮੇਟੀ (ਐਨਟੀਏਜੀਆਈ) ਦੇ ਪ੍ਰਧਾਨ ਡਾਕਟਰ ਐਨ ਕੇ ਅਰੋੜਾ ਨੇ ਕਿਹਾ, ‘‘ਜੇ ਬੱਚੇ ਕੋਰੋਨਾ ਵਾਇਰਸ ਨਾਲ ਪੀੜਤ ਹੁੰਦੇ ਹਨ, ਪਰ ਉਨ੍ਹਾਂ ’ਚ ਲੱਛਣ ਨਹੀਂ ਹਨ ਤਾਂ ਇਹ ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ ਹੈ ਕਿਉਂਕਿ ਦੇਸ਼ ’ਚ ਹੋਏ ਵੱਖ ਵੱਖ ਸੀਰੋ ਸਰਵੇਖਣ ਮੁਤਾਬਕ ਬੱਚੇ ਵੀ ਵੱਡਿਆਂ ਜਿੰਨੇ ਹੀ ਪ੍ਰਭਾਵਤ ਹੁੰਦੇ ਹਨ।’’ ਅਰੋੜਾ ਨੇ ਕਿਹਾ ਕਿ ਬੱਚਿਆਂ ’ਚ ਲੱਛਣ ਵਾਲੇ ਮਾਮਲਿਆਂ ਦਾ ਅਨੁਪਾਤ ਬਹੁਤ ਘੱਟ ਹੈ ਅਤੇ ਗੰਭੀਰ ਬਿਮਾਰੀ ਦਾ ਖ਼ਤਰਾ ਵੀ ਬਹੁਤ ਆਮ ਨਹੀਂ ਹੈ।     
ਉਥੇ ਹੀ, ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਕਿ ਜਿਵੇਂ ਹੀ ਪਾਬੰਦੀਆਂ ਹਟਾਈਆਂ ਜਾਂਦੀਆਂ ਹਨ ਅਤੇ ਪ੍ਰਵਾਰ ਅਪਣੇ ਬੱਚਿਆਂ ਨਾਲ ਬਾਹਰ ਘੁੰਮਣਾ ਸ਼ੁਰੂ ਕਰਦੇ ਹਨ, ਤਾਂ ਕੋਵਿਡ ਤੋਂ ਆਜ਼ਾਦ ਰਹੇ ਬੱਚੇ ਪੀੜਤ ਹੋਣਗੇ ਅਤੇ ‘‘ਇਹ ਵੱਡੀ ਗਿਣਤੀ ’ਚ ਦਿਖਣਗੇ।’’ ਉਨ੍ਹਾਂ ਕਿਹਾ, ‘‘ਪਰ ਇਸ ਦਾ ਮਤਲਬ ਵੱਡੀ ਗਿਣਤੀ ’ਚ ਬੱਚਿਆਂ ਦੇ ਹਸਪਤਾਲਾਂ ’ਚ ਦਾਖ਼ਲ ਹੋਣ ਜਾਂ ਕੋਵਿਡ 19 ਕਾਰਨ ਮੌਤ ਨਹੀਂ ਹੈ। ਜ਼ਿਆਦਾਤਰ ਬੱਚਿਆਂ ’ਚ ਲੱਛਣ ਨਹੀਂ ਹੋਣਗੇ ਅਤੇ ਉਨ੍ਹਾਂ ’ਚ ਮਾਮੂਲੀ ਬਿਮਾਰੀ ਹੋਵੇਗੀ। ਇਸ ਲਈ ਵੱਧ ਗਿਣਤੀ ਚਿੰਤਾ ਦੀ ਗੱਲ ਨਹੀਂ ਹੈ।     (ਏਜੰਸੀ)