ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਗੀ ਅਤੇ ਧਾਰਮਕ ਸੰਸਥਾਵਾਂ ਦੇ ਪ੍ਰਬੰਧ ਦੋਵਾਂ ਹੀ ਜ਼ਿੰਮੇਵਾਰੀਆਂ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਗੀ ਅਤੇ ਧਾਰਮਕ ਸੰਸਥਾਵਾਂ ਦੇ ਪ੍ਰਬੰਧ ਦੋਵਾਂ ਹੀ ਜ਼ਿੰਮੇਵਾਰੀਆਂ ਤੋਂ ਥਿੜਕੀ : ਸਿੱਖ ਸਦਭਾਵਨਾ ਦਲ

image

ਅੰਮ੍ਰਿਤਸਰ, 16 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸਿੱਖ ਸਦਭਾਵਨਾ ਦਲ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਬਾਬਤ ਇਨਸਾਫ਼ ਲਈ ਪੰਥਕ ਥੜ੍ਹੇ ਉਪਰ ਲੱਗੇ ਮੋਰਚੇ ਨੂੰ ਅੱਜ 16 ਸਤੰਬਰ ਨੂੰ 317 ਦਿਨ ਪੂਰੇ ਹੋ ਗਏ ਹਨ, ਜਿਸ ਇਨਸਾਫ਼ ਦੀ ਉਮੀਦ ਅਸੀਂ ਅਪਣੇ ਸਰਵਉਚ ਧਾਰਮਕ ਅਦਾਰਿਆਂ ਤੋਂ ਰਖਦੇ ਹਾਂ, ਉਸ ਇਨਸਾਫ਼ ਦੀ ਉਮੀਦ ਸਰਕਾਰੇ ਦਰਬਾਰੇ ਭਟਕਦੇ ਹੋਏ ਸਰਕਾਰ ਦੀ ਨੌਕਰਸ਼ਾਹੀ ਤੋਂ ਰਖਣੀ ਪੈ ਰਹੀ ਹੈ। ਬੇਸ਼ੱਕ ਸਰਕਾਰੀ ਤੰਤਰ ਮਿਲਗੋਭਾ ਹੋਇਆ ਪਿਆ ਹੈ ਪਰ ਫਿਰ ਵੀ ਕੁੱਝ ਕੁ ਦੀਨ-ਏ-ਇਮਾਨ ਵਾਲਾ ਇੱਕਲਾਖ ਰਖਣ ਵਾਲੀਆਂ ਸਰਕਾਰੀ ਰੂਹਾਂ ਸਾਨੂੰ ਨਿਰਾਸ਼ ਨਹੀਂ ਕਰਦੀਆਂ। ਉਨ੍ਹਾਂ ਮੁਤਾਬਕ ਗੁਰਮੀਤ ਰਾਮ ਰਹੀਮ ਨੂੰ ਸਖ਼ਤ ਸਜ਼ਾ ਦਾ ਸੁਣਾਇਆ ਜਾਣਾ ਚਰਚਾ ਵਿਚ ਰਿਹਾ ਸੀ ਕਿਉਂਕਿ ਅਪਣੇ ਕੌਮੀ ਫ਼ਰਜ਼ ਭੁੱਲ ਕੇ ਡੇਰਾ ਸਿਰਸਾ ਦੇ ਰਾਮ ਰਹੀਮ ਨੂੰ ਮਾਫ਼ੀ ਦੇਣ ਵਾਲੇ ਜਥੇਦਾਰ ਨੇ ਸੌਦਾ ਸਾਧ ਨੂੰ ਮਾਫ਼ੀ ਦੇ ਦਿਤੀ ਸੀ ਪਰ ਬਾਅਦ ਵਿਚ ਸੰਗਤਾਂ ਦੇ ਵਿਰੋਧ ਕਾਰਨ ਕਬੂਲਿਆ ਵੀ ਸੀ ਕਿ ਮਾਫ਼ੀ ਸਿਆਸੀ ਦਬਾਅ ਹੇਠ ਦਿਤੀ ਗਈ ਸੀ। ਹੁਣ ਉਹ ਹੀ ਕੁੱਝ 328 ਸਰੂਪਾਂ ਦੇ ਇਨਸਾਫ਼ ਦੀ ਮੰਗ ਕਰ ਰਹੇ ਪੰਥ ਦਰਦੀਆਂ ਨਾਲ ਹੋ ਰਿਹਾ ਹੈ। 
ਉਨ੍ਹਾਂ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੇ ਪਹਿਲਾਂ ਅਪਣੇ ਆਪ ਨੂੰ ਪਾਕ-ਸਾਫ਼ ਦੱਸਣ ਲਈ ਕੋਈ ਕਸਰ ਨਹੀਂ ਛੱਡੀ, ਫਿਰ ਸੰਗਤਾਂ ਦੇ ਵਿਰੋਧ ਕਰਨ ਨਾਲ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕਰਦਿਆਂ ਹੇਠਲੇ ਕਰਮਚਾਰੀਆਂ ਉਤੇ ਮਾਮੂਲੀ ਕਾਰਵਾਈ ਕਰਦਿਆਂ ਵੱਡੇ ਚੇਹਤੇ ਚਿਹਰਿਆਂ ਨੂੰ ਬਚਾ ਲਿਆ ਗਿਆ ਪਰ ਕੋਰਟ ਨੇ ਸਿੱਖ ਸਦਭਾਵਨਾ ਦਲ ਵਲੋਂ ਧਰਨਾ ਲਾ ਕੇ ਕੀਤੀ ਜਾ ਰਹੀ ਚਾਰਾਜੋਈ ਨੂੰ ਸੰਗਿਆਨ ਵਿਚ ਲੈਂਦਿਆਂ ਸਰਕਾਰ ਨੂੰ ਇਨਸਾਫ਼ ਕਰਨ ਲਈ ਕਿਹਾ। 
ਭਾਈ ਵਡਾਲਾ ਨੇ ਕਿਹਾ ਕਿ ਅਪਣੀ ਜ਼ਿੰਮੇਵਾਰੀਆਂ ਤੋਂ ਥਿੜਕਣ ਵਾਲੇ ਜ਼ਿੰਮੇਵਾਰ ਸੰਸਥਾਵਾਂ ਦੇ ਮੁਖੀ ਸ੍ਰੀ ਅਨੰਦਪੁਰ ਸਾਹਿਬ ਹੋਈ ਬੇਅਦਬੀ ਤੋਂ ਭਜਦਿਆਂ ਸਰਕਾਰ ਨੂੰ ਇਨਸਾਫ਼ ਲਈ ਕਹਿ ਰਹੇ ਹਨ ਜਦਕਿ ਐਸੀਆਂ ਘਟਨਾਵਾਂ ਨੂੰ ਰੋਕਣ ਅਤੇ ਫ਼ੈਸਲੇ ਲੈਣ ਲਈ ਖ਼ਾਲਸਾਈ ਸਿਧਾਂਤ ਨਾਲ ਭਰਪੂਰ ਖ਼ਾਲਸਾ ਖ਼ੁਦ ਸਮਰਥ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਧਾਰਮਕ ਉਚ ਸੰਸਥਾਵਾਂ ’ਤੇ ਕਾਬਜ਼ ਖ਼ਾਲਸਾਈ ਪਰੰਪਰਾਵਾਂ ਦਾ ਘਾਣ ਖ਼ੁਦ ਕਰ ਰਹੇ ਹਨ। ਇਹ ਅਹੁਦੇਦਾਰ ਨਾ ਇਨਸਾਫ਼ ਕਰਨ ਦੇ ਸਮਰਥ ਹਨ, ਨਾ ਇਨਸਾਫ਼ ਦਿਵਾਉਣ ਦੇ ਸਮਰਥ ਹਨ। ਇਸ ਸੱਭ ਦਾ ਸਦੀਵੀ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਰਾਹੀਂ ਬਾਦਲਾਂ ਨੂੰ ਬਾਹਰ ਕੱਢਣ ਲਈ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਹੈ।