ਸਿੱਖ ਸੰਸਦ ਸ਼੍ਰੋਮਣੀ ਕਮੇਟੀ ਦੀ ਚੋਣ ਸਾਜ਼ਸ਼ ਤਹਿਤ ਹੁਕਮਰਾਨ ਨਹੀਂ ਕਰਵਾ ਰਹੇ : ਮਾਨ

ਏਜੰਸੀ

ਖ਼ਬਰਾਂ, ਪੰਜਾਬ

ਸਿੱਖ ਸੰਸਦ ਸ਼੍ਰੋਮਣੀ ਕਮੇਟੀ ਦੀ ਚੋਣ ਸਾਜ਼ਸ਼ ਤਹਿਤ ਹੁਕਮਰਾਨ ਨਹੀਂ ਕਰਵਾ ਰਹੇ : ਮਾਨ

image

ਅੰਮ੍ਰਿਤਸਰ, 16 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਾਬਕਾ ਲੋਕ ਸਭਾ ਮੈਬਰ ਨੇ ਅੱਜ ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਨਵੀਂ ਦਿੱਲੀ ਦੇ ਹਾਕਮ ਨਿਸ਼ਾਨੇ ’ਤੇ ਲਏ ਅਤੇ ਦੋਸ਼ ਲਾਇਆ ਕਿ ਸਿੱਖ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪਿਛਲੇ 10 ਸਾਲ ਤੋਂ ਕਿਸੇ ਸਾਜ਼ਸ਼ ਤਹਿਤ ਨਹੀਂ ਕਰਵਾਈ ਜਾ ਰਹੀ ਪਰ ਭਾਰਤੀ ਸੰਸਦ, ਵਿਧਾਨ ਸਭਾਵਾਂ, ਨਿਗਮ ਅਤੇ ਪੰਚਾਇਤੀ ਚੋਣਾਂ ਨਿਸ਼ਚਿਤ ਸਮੇਂ ’ਤੇ ਹੋ ਰਹੀਆਂ ਹਨ। ਉਨ੍ਹਾਂ ਮੁਤਾਬਕ ਭਾਰਤ ਵਿਚ ਵੋਟਰ ਦੀ ਉਮਰ 18 ਸਾਲ ਹੈ ਪਰ ਸਿੱਖ ਸੰਸਦ ਲਈ ਉਮਰ 21 ਸਾਲ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਿੱਖ ਵੋਟਰ ਅਪਣੀ ਸੰਸਦ ਲਈ ਵੋਟਾਂ ਪਾਉਣ ਤੋਂ ਵਾਂਝੇ ਹੋ ਰਹੇ ਹਨ। ਉਨ੍ਹਾਂ ਮੁਤਾਬਕ 1947 ਤੋਂ ਬਾਅਦ ਖ਼ਾਸ ਕਰ ਕੇ ਪੰਜਾਬੀ ਸੂਬਾ ਹੋਂਦ ਵਿਚ ਆਉਣ ਬਾਅਦ ਸਿੱਖ ਸੰਸਦ ਦੀ ਚੋਣ ਕਾਨੂੰਨ ਪਾਸੇ ਕਰ ਕੇ, ਸਿਆਸੀ ਆਧਾਰ ’ਤੇ ਹੋ ਰਹੀ ਹੈ। ਸ਼੍ਰੋਮਣੀ ਕਮੇਟ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਬਾਦਲ ਤਾਨਾਸ਼ਾਹ ਬਣੇ ਹਨ, ਜਿਨ੍ਹਾਂ ਸਿੱਖ ਸੰਸਥਾਵਾਂ ਜੇਬ ਵਿਚ ਪਾਈਆਂ ਹਨ।  ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਉਂਦੇ-ਜਾਗਦੇ ਹਨ ਪਰ ਬੇਅਦਬੀਆਂ ਦਾ ਫ਼ੈਸਲਾ ਮੈਰਿਟ ’ਤੇ ਕਰਨ ਦੀ ਥਾਂ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਬਾਰੇ ਅਜੀਬ ਫ਼ੈਸਲਾ ਸੁਣਾਇਆ ਗਿਆ ਹੈ ਤਾਂ ਜੋ ਉਹ ਵਿਦੇਸ਼ ਫ਼ਰਾਰ ਹੋ ਜਾਣ। ਇਸ ਮੌਕੇ ਹਰਬੀਰ ਸਿੰਘ ਸੰਧੂ,ਜਸਕਰਨ ਸਿੰਘ , ਅਮਰੀਕ ਸਿੰਘ ਤੇ ਹੋਰ ਮੌਜੂਦ ਸਨ।