ਅੱਜ ਦਿੱਲੀ ਡਰਾਮਾ ਕਰਨ ਜਾ ਰਿਹੈ ਅਕਾਲੀ ਦਲ : ਲੱਖਾ ਸਿਧਾਣਾ
ਅੱਜ ਦਿੱਲੀ ਡਰਾਮਾ ਕਰਨ ਜਾ ਰਿਹੈ ਅਕਾਲੀ ਦਲ : ਲੱਖਾ ਸਿਧਾਣਾ
ਦਿੱਲੀ ਵਿਚ ਅਕਾਲੀਆਂ ਨੂੰ ਦਾਖ਼ਲ ਨਾ ਹੋਣ ਦਿਤਾ ਗਿਆ
ਪੱਟੀ/ਅਮਰਕੋਟ, 16 ਸਤੰਬਰ (ਅਜੀਤ ਸਿੰਘ ਘਰਿਆਲਾ/ਪ੍ਰਦੀਪ/ ਗੁਰਬਾਜ): ਅਮਰਕੋਟ ਵਿਖੇ ਕਿਸਾਨ ਰੈਲੀ ਕੀਤੀ ਗਈ ਜਿਸ ਦੀ ਅਗਵਾਈ ਸੰਯੁਕਤ ਕਿਸਾਨ ਮੋਰਚੇ ਹਰਿਆਣਾ ਦੇ ਗੁਰਨਾਮ ਸਿੰਘ ਚਡੂੰਨੀ, ਲੱਖਾ ਸਿੰਘ ਸਿਧਾਣਾ ਨੇ ਕੀਤੀ | ਇਸ ਮੌਕੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਲੰਮੇ ਸਮੇਂ ਤਕ ਦੇਸ਼ ਤੇ ਪੰਜਾਬ ਨੂੰ ਚੰਗਾ ਲੀਡਰ ਨਹੀਂ ਮਿਲਿਆ ਅਤੇ ਅਸੀ ਤੱਕੜੀ ਪੰਥਕ ਸਮਝੀ ਸੀ ਪਰ ਉਹ ਵੀ ਚਿੱਟਾ ਤੋਲਦੀ ਰਹੀ ਹੈ | ਇਨ੍ਹਾਂ ਨੇ ਪੰਜਾਬ ਦੇ ਹੱਕ ਸੈਂਟਰ ਕੋਲ ਵੇਚ ਦਿਤੇ ਹਨ, ਹੁਣ ਸਾਡੇ ਕੋਲ ਗਵਾਉਣ ਨੂੰ ਕੁੱਝ ਨਹੀਂ ਰਿਹਾ, ਸਾਡੀ ਧਰਤੀ ਜ਼ਹਿਰੀਲੀ, ਪਾਣੀ ਜ਼ਹਿਰੀਲਾ ਹੋਣ ਨਾਲ ਕੈਂਸਰ ਦੀ ਬਿਮਾਰੀ ਫੈਲ ਰਹੀ ਹੈ |
ਲੱਖਾ ਸਿਧਾਣਾ ਨੇ ਸਟੇਜ ਤੋਂ ਨੌਜਵਾਨਾਂ ਨੂੰ ਕਿਹਾ ਕਿ ਹੁਣ ਦਿੱਲੀ ਵਿਖੇ ਮੋਰਚੇ ਨੂੰ ਤੁਹਾਡੀ ਲੋੜ ਹੈ ਤਾਂ ਜੋ ਦਿੱਲੀ ਵਿਖੇ ਕੁੱਝ ਨਵਾਂ ਕਰ ਵਿਖਾਈਏ ਜਿਸ ਨਾਲ ਕੇਂਦਰ ਸਰਕਾਰ ਨੂੰ ਸੇਕ ਲੱਗੇ | ਉਨ੍ਹਾਂ ਨੇ ਪੰਜਾਬ ਵਿਚ ਵੀ ਤੱਕੜੀ ਤੇ ਖ਼ੂਨੀ ਪੰਜੇ ਤੋਂ ਨਿਜਾਤ ਪਾਉਣ ਲਈ ਕਿਹਾ ਕਿਉਂਕਿ ਇਨ੍ਹਾਂ ਨੇ ਲੰਮਾ ਸਮਾਂ ਸੱਤਾ ਭੋਗ ਕੇ ਸਿਰਫ਼ ਸਤਾਇਆ ਹੈ ਅਤੇ ਜਿਹੜੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ
ਬੀਬਾ ਹਰਸਿਮਰਤ ਕੌਰ ਬਾਦਲ ਕਾਨੂੰਨਾਂ ਨੂੰ ਸਹੀ ਦਸ ਰਹੇ ਸਨ ਉਹ 17 ਸਤੰਬਰ ਨੂੰ ਡਰਾਮਾ ਕਰਨ ਲਈ ਦਿੱਲੀ ਜਾ ਰਹੇ ਹਨ |
ਇਸ ਮੌਕੇ ਗੁਰਨਾਮ ਸਿੰਘ ਚਡੂੰਨੀ ਨੇ ਕਿਹਾ ਕਿ 5 ਜੂਨ 2020 ਨੂੰ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਾਲੇ ਕਾਨੂੰਨ ਬਣਾਏ ਗਏ ਸਨ | ਉਨ੍ਹਾਂ ਕਿਹਾ ਕਿ ਸੜਕਾਂ ਤੇ 700 ਕਿਸਾਨ ਸ਼ਹੀਦ ਹੋ ਗਏ ਹਨ ਤੇ ਕਈਆਂ ਨੇ ਖ਼ੁਦਕੁਸ਼ੀ ਕਰ ਲਈ ਹੈ ਅਤੇ ਹੁਣ ਲੜਾਈ ਹਿੰਦੋਸਤਾਨ ਤੇ ਰੁਜਗਾਰ ਨੂੰ ਬਚਾਉਣ ਦੀ ਹੈ | ਚਡੂੰਨੀ ਨੇ ਕਿਹਾ ਕਿ 1947 ਵਿਚ ਖੇਤੀ ਹਿੰਸਾ ਜੇਡੀਪੀ 7 ਫ਼ੀ ਸਦੀ ਸੀ ਅੱਜ 10 ਫ਼ੀ ਸਦੀ ਹੈ ਜੋ ਕਿ ਹਰ 7 ਸਾਲ ਬਾਅਦ ਕਿਸਾਨ ਦੀ ਆਮਦਨ ਅੱਧੀ ਰਹਿ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਕੋਲੋਂ 15 ਲੱਖ ਕਰੋੜ ਦਾ ਕਰਜ਼ਾ ਲੈ ਕੇ ਪੂੰਜੀਪਤੀ ਭੱਜ ਗਏ ਹਨ ਤੇ ਕਿਸੇ ਨੇ ਆਤਮ ਹਤਿਆ ਨਹੀਂ ਕੀਤੀ ਪਰ ਕਿਸਾਨ ਲਈ ਕਾਨੂੰਨ ਵਖਰੇ ਹੋਣ ਕਾਰਨ ਉਹ ਆਤਮ ਹਤਿਆ ਕਰਨ ਲਈ ਮਜਬੂਰ ਹੈ |
ਚਡੂੰਨੀ ਨੇ ਕਿਹਾ ਕਿ ਮੋਦੀ ਦੇਸ਼ ਦੇ ਕਿਸਾਨਾਂ ਨਾਲ ਗ਼ਦਾਰੀ ਕਰ ਕੇ ਤਿੰਨ ਕਾਲੇ ਕਾਨੂੰਨਾਂ ਰਾਹੀਂ 15 ਲੱਖ ਕਰੋੜ ਦਾ ਕਾਰੋਬਾਰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮਿਸ਼ਨ ਪੰਜਾਬ ਦੀ ਅਵਾਜ਼ ਤਹਿਤ ਤੁਸੀਂ ਅਪਣੀ ਸਰਕਾਰ ਆਪ ਬਣਾ ਕੇ ਚਲਾਉ | ਇਸ ਮੌਕੇ ਕੰਵਰ ਗਰੇਵਾਲ, ਜੱਸ ਬਾਜਵਾ, ਸੁਖਵਿੰਦਰ, ਹਰਫ ਚੀਮਾ, ਸੁੱਖ ਜਗਰਾਵਾਂ, ਦਰਸ਼ਨ ਔਲਖ, ਗੁਰਸਾਹਬ ਪਨਗੋਟਾ ਹਾਜ਼ਰ ਸਨ | ਸਟੇਜ ਦੀ ਭੂਮਿਕਾ ਗੁਰਸਾਹਬ ਪਨਗੋਟਾ ਨੇ ਨਿਭਾਈ |
16-05-