ਸੁੱਤੇ ਪਏ ਨੌਜਵਾਨ ’ਤੇ ਚੜ੍ਹਾ ਦਿੱਤਾ ਟਰੱਕ, ਮਿਲੀ ਭਿਆਨਕ ਮੌਤ
ਪੁਲਿਸ ਨੇ ਮਾਮਲੇ ਦੀ ਜਾਂਚ ਕਰ ਦਿੱਤਾ ਕਾਰਵਾਈ ਕਰਨ ਦਾ ਭਰੋਸਾ
ਰਾਜਪੁਰਾ: ਬੀਤੀ ਰਾਤ ਘਰ ਦੇ ਬਾਹਰ ਮੰਜਾ ਡਾਹ ਕੇ ਸੁੱਤੇ ਪਏ ਇਕ 19 ਸਾਲਾ ਪ੍ਰਵਾਸੀ ਨੌਜਵਾਨ ਨੂੰ ਟਰੱਕ ਨੇ ਦਰੜ ਦਿੱਤਾ, ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁੱਸੇ ਵਿਚ ਆਏ ਮ੍ਰਿਤਕ ਨੌਜਵਾਨਾਂ ਦੇ ਵਾਰਸਾਂ ਨੇ ਟਰੱਕ ਡਰਾਈਵਰ ਦੀ ਕੁੱਟਮਾਰ ਕੀਤੀ ਤੇ ਟਰੱਕ ਦੇ ਸ਼ੀਸ਼ੇ ਤੋੜ ਦਿੱਤੇ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਘਨੌਰ ਸਮੇਤ ਪੁਲਿਸ ਫੋਰਸ ਮੌਕੇ ’ਤੇ ਪੁੱਜ ਗਏ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਦੋਸ਼ੀ ਖ਼ਿਲਾਫ਼ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਹਾਲਾਤ ਨੂੰ ਕਾਬੂ ਕੀਤਾ।
ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਸੈਦਖੇੜੀ ਰੋਡ ’ਤੇ ਸਥਿਤ ਇਕ ਫੈਕਟਰੀ ਵਿਚੋਂ ਸ਼ੈਲਰ ਬਣਾਉਣ ਵਾਲਾ ਲੋਹੇ ਦਾ ਸਮਾਨ ਲੋਡ ਕਰ ਕੇ ਜਿਵੇਂ ਹੀ ਇਕ ਟਰੱਕ ਡਰਾਈਵਰ ਟਰੱਕ ਲੈ ਕੇ ਆ ਰਿਹਾ ਸੀ, ਉਸ ਸਮੇਂ ਕਾਫੀ ਹਨੇਰਾ ਸੀ ਤਾਂ ਸੜਕ ਕਿਨਾਰੇ ਮੰਜੀ ਡਾਹ ਕੇ ਸੁੱਤਾ ਪਿਆ ਇਕ 19 ਸਾਲਾ ਪ੍ਰਵਾਸੀ ਨੌਜਵਾਨ ਜਿਹੜਾ ਉਸ ਨੂੰ ਹਨੇਰਾ ਹੋਣ ਕਾਰਨ ਨਜ਼ਰ ਨਹੀਂ ਆਇਆ, ਉਹ ਟਰੱਕ ਹੇਠਾਂ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਟਰੱਕ ਦੀ ਆਵਾਜ਼ ਸੁਣਦੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਉਠ ਕੇ ਆ ਗਏ ਅਤੇ ਟਰੱਕ ਡਰਾਈਵਰ ਦੀ ਉਨ੍ਹਾਂ ਨੇ ਪਹਿਲਾਂ ਕੁੱਟਮਾਰ ਕੀਤੀ ਅਤੇ ਫਿਰ ਟਰੱਕ ਦੀ ਭੰਨਤੋੜ ਕੀਤੀ। ਸੂਚਨਾ ਮਿਲਦੇ ਹੀ ਡੀ. ਐਸ. ਪੀ. ਘਨੌਰ ਰਘਬੀਰ ਸਿੰਘ ਅਤੇ ਥਾਣਾ ਖੇੜੀ ਗੰਡਿਆਂ ਦੇ ਮੁਖੀ ਇੰਸ. ਕਿਰਪਾਲ ਸਿੰਘ ਸਮੇਤ ਪੁਲਿਸ ਫੋਰਸ ਮੌਕੇ ’ਤੇ ਪੁੱਜ ਗਏ ਅਤੇ ਗੁੱਸੇ ਵਿਚ ਆਏ ਮ੍ਰਿਤਕ ਦੇ ਵਾਰਸਾਂ ਨੂੰ ਦੋਸ਼ੀ ਖ਼ਿਲਾਫ਼ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਹਾਲਾਤ ਕਾਬੂ ਵਿਚ ਕਰਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਦੇਹ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ। ਇਸ ਸੰਬੰਧੀ ਡੀ. ਐਸ. ਪੀ. ਘਨੌਰ ਨੇ ਦੱਸਿਆ ਕਿ ਲੋਕਾਂ ਵਲੋਂ ਜ਼ਖਮੀ ਕੀਤੇ ਗਏ ਟਰੱਕ ਡਰਾਈਵਰ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਮ੍ਰਿਤਕ ਦੇ ਵਾਰਸ ਜੋ ਵੀ ਬਿਆਨ ਦੇਣਗੇ, ਉਸੇ ਤਰ੍ਹਾਂ ਬਣਦੀ ਕਾਰਵਾਈ ਕੀਤੀ ਜਾਵੇਗੀ।