ਭਗਵੰਤ ਮਾਨ ਤੇ ਕੇਜਰੀਵਾਲ ਨੇ ਲੋਕਾਂ ਨੂੰ ਦਿਖਾਇਆ ਗਿਆ ਟ੍ਰੇਲਰ ਤੇ ਫ਼ਿਲਮ ਕੁੱਝ ਹੋਰ ਨਿਕਲੀ: ਅਸ਼ਵਨੀ ਸ਼ਰਮਾ
ਭਗਵੰਤ ਮਾਨ ਤੇ ਕੇਜਰੀਵਾਲ ਨੇ ਲੋਕਾਂ ਨੂੰ ਦਿਖਾਇਆ ਗਿਆ ਟ੍ਰੇਲਰ ਤੇ ਫ਼ਿਲਮ ਕੁੱਝ ਹੋਰ ਨਿਕਲੀ: ਅਸ਼ਵਨੀ ਸ਼ਰਮਾ
ਛੇ ਮਹੀਨੇ ਪੂਰੇ ਹੋਣ 'ਤੇ ਭਾਜਪਾ ਨੇ ਸਰਕਾਰ ਨੂੰ ਭੰਡਿਆ
ਚੰਡੀਗੜ੍ਹ, 16 ਸਤੰਬਰ (ਸੁਰਜੀਤ ਸਿੰਘ ਸੱਤੀ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸਵਨੀ ਸਰਮਾ ਨੇ ਭਗਵੰਤ ਮਾਨ ਸਰਕਾਰ ਦੇ ਛੇ ਮਹੀਨੇ ਦੇ ਕਾਰਜਕਾਲ ਅਤੇ ਕਾਰਜਸੈਲੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਕਿਸੇ ਵੀ ਸੂਬਾ ਸਰਕਾਰ ਦਾ ਮੁਲਾਂਕਣ ਉਸ ਸਰਕਾਰ ਨੂੰ ਜਨਤਾ ਨਾਲ ਚੋਣਾਂ ਦੇ ਸਮੇਂ ਕੀਤੇ ਵਾਅਦਿਆਂ ਜਾਂ ਉਸ ਰਾਜ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਜੋੜ ਕੇ ਕੀਤਾ ਜਾਂਦਾ ਹੈ |
ਇਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਅਸਵਨੀ ਸਰਮਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਕੀਤੇ ਚੋਣ ਵਾਅਦੇ ਅੱਜ ਹੌਲੀ-ਹੌਲੀ ਸਿਸਕਦੇ ਨਜ਼ਰ ਆ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਨੂੰ 'ਰੰਗਲੇ ਪੰਜਾਬ' ਨੂੰ ਰੰਗਣ ਲਈ ਪੰਜਾਬ ਦੇ ਖਿਡਾਰੀਆਂ, ਗਾਇਕਾਂ ਤੇ ਹੋਰਾਂ ਦੇ ਖੂਨ-ਖਰਾਬੇ, ਕਤਲਾਂ, ਨਸ਼ਿਆਂਂ, ਸੂਬੇ ਦੀ ਤਬਾਹੀ ਦਾ ਸਹਾਰਾ ਲਿਆ ਹੈ |
ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਨੇ ਭੋਲੀ-ਭਾਲੀ ਜਨਤਾ ਨੂੰ ਝੂਠੇ ਵਾਅਦੇ ਕਰ ਕੇ ਪੰਜਾਬ ਦੀ ਸੱਤਾ ਹਾਸਲ ਕੀਤੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪਣਾ ਛੇ ਮਹੀਨਿਆਂ ਦਾ ਰਿਪੋਰਟ ਕਾਰਡ ਜਨਤਾ ਦੇ ਸਾਹਮਣੇ ਰੱਖਣਾ ਚਾਹੀਦਾ ਸੀ, ਪਰ ਉਹ ਸੈਰ-ਸਪਾਟੇ ਵਿਚ ਰੁੱਝੇ ਹੋਏ ਹਨ ਤੇ ਸਰਕਾਰ ਜਵਾਬਦੇਹੀ ਤੋਂ ਭੱਜ ਰਹੀ ਹੈ | ਉਨ੍ਹਾਂ ਕਿਹਾ ਕਿ ਚੋਣਾਂ 'ਚ ਪੰਜਾਬ ਵਿਚ ਅਮਨ-ਕਾਨੂੰਨ ਕਾਇਮ ਕਰਨ ਅਤੇ ਭਿ੍ਸਟਾਚਾਰ ਨੂੰ ਖਤਮ ਕਰਨ ਦੇ ਕੀਤੇ ਵਾਅਦੇ ਸਿਰਫ਼ ਐਲਾਨਾਂ ਤਕ ਹੀ ਸੀਮਤ ਰਹਿ ਗਏ ਹਨ | ਉਨ੍ਹਾਂ ਕਿਹਾ ਕਿ ਮੰਤਰੀਆਂ ਦੇ ਭਿ੍ਸ਼ਟਾਚਾਰ ਉਜਾਗਰ ਹੋ ਰਹੇ ਹਨ ਪਰ ਕੇਜਰੀਵਾਲ ਤੇ ਭਗਵੰਤ ਮਾਨ ਇਨ੍ਹਾਂ ਮਾਮਲਿਆਂ 'ਤੇ ਮੂੰਹ ਨਹੀਂ ਖੋਲ੍ਹਦੇ |
ਉਨ੍ਹਾਂ ਕਿਹਾ ਕਿ ਫੌਜਾ ਸਿੰਘ ਸਰਾਰੀ ਦੀ ਕਥਿਤ ਸੌਦੇਬਾਜੀ ਦੀ ਵਾਇਰਲ ਆਡੀਉ 'ਤੇ ਮਾਨ ਸਰਕਾਰ ਦੇ ਮੰਤਰੀਆਂ ਨੇ ਮੂੰਹ ਕਿਉਂ ਨਹੀਂ ਖੋਲਿਆ? ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੱਟੜ ਇਮਾਨਦਾਰ ਕਹਾਉਣ ਵਾਲੇ 'ਆਪ' ਆਗੂਆਂ ਵਲੋਂ ਟਰੱਕ ਯੂਨੀਅਨਾਂ 'ਤੇ ਕਬਜਾ ਕੀਤਾ ਜਾ ਰਿਹਾ ਹੈ, ਪੈਸੇ ਦਾ ਲੈਣ-ਦੇਣ ਕੀਤਾ
ਜਾ ਰਿਹਾ ਹੈ, ਜ਼ਮੀਨਾਂ ਖ਼ਾਲੀ ਕਰਵਾਉਣ ਦੇ ਨਾਂ 'ਤੇ ਜ਼ਬਰਦਸਤੀ ਕਬਜੇ ਕੀਤੇ ਜਾ ਰਹੇ ਹਨ | ਪੰਜਾਬ ਵਿਚ ਭਿ੍ਸ਼ਟਾਚਾਰ ਮੁਕਤ ਸਰਕਾਰ ਦੇਣ, ਪਹਿਲਾਂ ਤੋਂ ਚੱਲ ਰਹੇ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਅਤੇ ਨਵੀਂ ਸਨਅਤੀ ਨੀਤੀ ਲਿਆਉਣ, ਅਣਅਧਿਕਾਰਤ ਮਾਈਨਿੰਗ ਰੋਕਣ ਅਤੇ ਅਧਿਕਾਰਤ ਮਾਈਨਿੰਗ ਨੀਤੀ ਲਿਆਉਣ ਦੀ ਗੱਲ ਕਰਨ ਵਾਲੀ 'ਆਪ' ਸਰਕਾਰ ਵਲੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ |
ਉਨ੍ਹਾਂ ਕਿਹਾ ਕਿ ਦੂਜਿਆਂ 'ਤੇ ਵਿਅੰਗ ਕੱਸਣ ਵਾਲੇ 'ਆਪ' ਆਗੂਆਂ ਦੇ ਰਾਜ 'ਚ ਅੱਜ ਰੇਤਾ-ਬਜਰੀ ਲਿਫਾਫਿਆਂ 'ਚ ਵੀ ਨਹੀਂ ਮਿਲ ਰਹੀ | ਪੰਜਾਬ ਵਿਚ ਹਰ ਤਰ੍ਹਾਂ ਦੀ ਉਸਾਰੀ ਰੁਕੀ ਹੋਈ ਹੈ, ਇਥੋਂ ਤਕ ਕਿ ਪੰਜਾਬ ਦੇ ਉਦਯੋਗ ਵੀ ਬੰਦ ਹੋ ਰਹੇ ਹਨ, ਸਿਰਫ਼ ਕੱੁਝ ਹੀ ਬਚੇ ਹਨ ਅਤੇ ਉਹ ਵੀ ਦੂਜੇ ਰਾਜਾਂ ਵਿਚ ਚਲੇ ਜਾਣ ਦਾ ਵਿਉਂਤ ਬਣਾ ਰਹੇ ਹਨ | ਉਦਯੋਗ ਬੰਦ ਹੋਣ ਕਾਰਨ ਬੇਰੁਜ਼ਗਾਰੀ ਵਧ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦਾ ਖਜਾਨਾ ਭਰਨ ਦੀ ਗੱਲ ਕਰਨ ਵਾਲੇ ਭਗਵੰਤ ਮਾਨ ਨੇ ਛੇ ਮਹੀਨਿਆਂ ਵਿਚ 12 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਹੈ ਅਤੇ ਜਿਸ ਤੇਜੀ ਨਾਲ ਭਗਵੰਤ ਮਾਨ ਨੇ ਇਹ ਕਰਜ਼ਾ ਚੁੱਕਿਆ ਹੈ, ਉਸ ਤੋਂ ਸੋਚ ਕੇ ਡਰ ਲੱਗਦਾ ਹੈ ਕਿ ਇਹ ਲੋਕ ਪੰਜ ਸਾਲਾਂ ਵਿਚ ਕਿੰਨਾ ਕਰਜ਼ਾ ਲੈਣਗੇ | ਵੀਵੀਆਈਪੀ ਸੁਰੱਖਿਆ ਨਾ ਲੈਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਕੇਜਰੀਵਾਲ ਤੇ ਭਗਵੰਤ ਮਾਨ ਤੇ ਉਨ੍ਹਾਂ ਦੇ ਮੰਤਰੀ ਸੈਂਕੜੇ ਸੁਰੱਖਿਆ ਮੁਲਾਜ਼ਮਾਂ ਦੇ ਘੇਰੇ ਵਿਚ ਰਹਿੰਦੇ ਹਨ | ਇਸ ਤੋਂ ਸਪੱਸਟ ਹੁੰਦਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਪ੍ਰਤੀ ਕਿੰਨੀ ਕੁ ਸੰਵੇਦਨਸੀਲ ਹੈ? ਇਸ ਦੌਰਾਨ ਸੂਬਾ ਜਨਰਲ ਸਕੱਤਰ ਡਾ: ਸੁਭਾਸ ਸਰਮਾ, ਰਾਜੇਸ਼ ਬਾਗਾ, ਦਿਆਲ ਸਿੰਘ ਸੋਢੀ ਅਤੇ ਐਸ.ਐਸ ਚੰਨੀ ਵੀ ਹਾਜਰ ਸਨ |