ਕੈਪਟਨ 19 ਸਤੰਬਰ ਨੂੰ ਬੇਟੇ ਰਣਇੰਦਰ ਤੇ ਧੀ ਜੈਇੰਦਰ ਸਮੇਤ ਭਾਜਪਾ 'ਚ ਹੋਣਗੇ ਸ਼ਾਮਲ
ਕੈਪਟਨ 19 ਸਤੰਬਰ ਨੂੰ ਬੇਟੇ ਰਣਇੰਦਰ ਤੇ ਧੀ ਜੈਇੰਦਰ ਸਮੇਤ ਭਾਜਪਾ 'ਚ ਹੋਣਗੇ ਸ਼ਾਮਲ
ਚੰਡੀਗੜ੍ਹ, 16 ਸਤੰਬਰ (ਭੁੱਲਰ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 19 ਸਤੰਬਰ ਨੂੰ ਅਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਭੰਗ ਕਰੇ ਕੇ ਭਾਜਪਾ 'ਚ ਸ਼ਾਮਲ ਹੋ ਰਹੇ ਹਨ | ਇਸ ਬਾਰੇ ਉਨ੍ਹਾਂ ਦੇ ਨਜ਼ਦੀਕੀ ਆਗੂਆਂ ਨੇ ਵੀ ਪੁਸ਼ਟੀ ਕਰ ਦਿਤੀ ਹੈ | ਮਿਲੀ ਜਾਣਕਾਰੀ ਅਨੁਸਾਰ ਕੈਪਟਨ ਦੇ ਬੇਟੇ ਰਣਇੰਦਰ ਸਿੰਘ ਤੇ ਧੀ ਜੈਇੰਦਰ ਕੌਰ ਤੋਂ ਇਲਾਵਾ ਪੂਰੀ ਪਾਰਟੀ ਦੇ ਆਗੂ ਤੇ ਕੁੱਝ ਸਾਬਕਾ ਕਾਂਗਰਸ ਵਿਧਾਇਕ ਵੀ ਨਾਲ ਹੀ ਭਾਜਪਾ 'ਚ ਸ਼ਾਮਲ ਹੋਣਗੇ | ਇਹ ਪ੍ਰੋਗਰਾਮ ਦਿੱਲੀ 'ਚ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਦੀ ਅਗਵਾਈ ਵਿਚ ਹੋਵੇਗਾ | ਕੈਪਟਨ ਦੀ ਸਾਂਸਦ ਮੈਂਬਰ ਪਤਨੀ ਬਾਰੇ ਮਿਲੀ ਜਾਣਕਾਰੀ ਅਨੁਸਾਰ ਉਹ ਹਾਲੇ ਕਾਂਗਰਸ ਨਹੀਂ ਛੱਡਣਾ ਚਾਹੰਦੇ | ਇਸ ਦਾ ਕਾਰਨ ਇਹ ਸਮਝਿਆ ਜਾਂਦਾ ਹੈ ਕਿ ਉਹ ਚਾਹੁੰਦੇ ਹਨ ਕਿ ਕਾਂਗਰਸ ਉਨ੍ਹਾਂ ਨੂੰ ਖ਼ੁਦ ਪਾਰਟੀ 'ਚੋਂ ਕੱਡੇ ਜਿਸ ਨਾਲ ਉਨ੍ਹਾ ਦੀ ਮੈਂਬਰੀ ਬਚੀ ਰਹੇਗੀ | ਪ੍ਰੰਤੂ ਜੇ ਉਹ ਆਪ ਕਾਂਗਰਸ ਛੱਡਦੇ ਹਨ ਤਾਂ ਮੈਂਬਰੀ ਖ਼ਤਮ ਹੋ ਸਕਦੀ ਹੈ |
ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਭਾਜਪਾ ਵਿਚ ਰਲੇਵੇਂ ਸਬੰਧੀ ਚਰਚਾਵਾਂ ਨੇ ਉਸ ਸਮੇਂ ਜੋਰ ਫੜਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਨਾਲ ਦਿੱਲੀ ਵਿਚ ਕਰੀਬ ਪੌਣੇ ਘੰਟੇ ਤੱਕ ਮੀਟਿੰਗ ਕੀਤੀ | ਹਾਲਾਂਕਿ ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇਪੰਜਾਬ ਲੋਕ ਕਾਂਗਰਸ ਦੇ ਭਾਜਪਾ ਵਿਚ ਰਲੇਵੇਂ ਦੇ ਸਵਾਲ ਨੂੰ ਮਹਿਜ ਅਟਕਲਾਂ ਕਰਾਰ ਦਿਤਾ ਸੀ | ਇਸ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਪੀਐਮ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ | ਇਸ ਤੋਂ ਬਾਅਦ ਕੈਪਟਨ ਨੇ ਟਵਿੱਟਰ 'ਤੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨ ਤੋਂ ਬਾਅਦ ਸੂਬੇ ਅਤੇ ਦੇਸ ਦੀ ਸੁਰੱਖਿਆ ਲਈ ਸਾਂਝੇ ਤੌਰ 'ਤੇ ਕੰਮ ਕਰਨ ਦਾ ਸੰਕਲਪ ਲਿਆ, ਜੋ ਕਿ ਸਾਡੇ ਦੋਵਾਂ ਲਈ ਹਮੇਸਾ ਹੀ ਸਰਵਉੱਚ ਰਿਹਾ ਹੈ ਅਤੇ ਰਹੇਗਾ |
ਦਸਣਯੋਗ ਹੈ ਕਿ ਭਾਜਪਾ ਪੰਜਾਬ 'ਚ ਪਾਰਟੀ ਦਾ ਪੁਨਰਗਠਨ ਕਰਨ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਭਾਜਪਾ ਦੇ ਮੌਜੂਦਾ ਸੂਬਾ ਪ੍ਰਧਾਨ ਅਸਵਨੀ ਸਰਮਾ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ | ਅਜਿਹੇ 'ਚ ਪੰਜਾਬ ਲੋਕ ਕਾਂਗਰਸ ਦੇ ਭਾਜਪਾ 'ਚ ਰਲੇਵੇਂ ਤੋਂ ਬਾਅਦ ਪਾਰਟੀ ਕੈਪਟਨ ਦੇ ਕਰੀਬੀ ਨੂੰ ਪੰਜਾਬ 'ਚ ਅਹਿਮ ਜ਼ਿੰਮੇਵਾਰੀਆਂ ਸੌਂਪ ਸਕਦੀ ਹੈ | ਇਹ ਵੀ ਸੁਣਨ 'ਚ ਆਇਆ ਹੈ ਕਿ ਭਾਜਪਾ ਕੈਪਟਨ ਨੂੰ ਕੇਂਦਰੀ ਮੰਤਰੀ ਜਾਂ ਰਾਜਪਾਲ ਦਾ ਅਹੁਦਾ ਦੇ ਸਕਦੀ ਹੈ |