ਵਿਧਾਇਕਾਂ ਨੂੰ 25 ਕਰੋੜ ਆਫਰ ਦਾ ਮਾਮਲਾ
ਪਟਿਆਲਾ, 16 ਸਤੰਬਰ (ਗਗਨਦੀਪ ਸਿੰਘ ਦੀਪ ਪਨੈਚ) : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ 25 ਕਰੋੜ ਦੀ ਆਫਰ ਸਬੰਧੀ ਪਟਿਆਲਾ ਸ਼ਹਿਰੀ ਹਲਕੇ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੇਰੇ ਕੋਲ ਆਫਰ ਤਾਂ ਨਹੀਂ ਆਈ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਰਾਬਤਾ ਬਣਾ ਕੇ ਸਾਰਿਆਂ ਨੂੰ ਆਫਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਕਿਸੇ ਵੀ ਵਿਧਾਇਕ ਨੇ ਇਸਨੂੰ ਮਨਜੂਰ ਨਹੀਂ ਕੀਤਾ | 'ਆਪ' ਵਿਧਾਇਕਾਂ ਨੇ ਕਿਸੇ ਲਾਲਚ 'ਚ ਆਉਣ ਦੀ ਬਜਾਏ, ਇਸਦਾ ਪਰਦਾਫਾਸ਼ ਕੀਤਾ ਹੈ | ਗੋਆ ਦੇ 8 ਵਿਧਾਇਕ ਵੀ ਭਾਜਪਾ ਵਿਚ ਗਏ ਹਨ ਤੇ ਇਸ ਤੋਂ ਸਪੱਸ਼ਟ ਹੈ ਕਿ ਭਾਜਪਾ ਵੱਲੋਂ ਗੰਦੀ ਖੇਡ ਖੇਡੀ ਜਾ ਰਹੀ ਹੈ ਜੋ ਕਿ ਪੰਜਾਬ ਵਿਚ ਨਹੀਂ ਚੱਲੇਗੀ | ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਇਕ-ਇਕ ਆਗੂ ਤੇ ਵਿਧਾਇਕ ਪਾਰਟੀ ਪ੍ਰਤੀ ਵਫਾਦਾਰ ਹਨ ਤੇ ਰਹਿਣਗੇ | ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਤਲਬ ਕਰਨ ਦੇ ਸਵਾਲ 'ਤੇ ਕੋਹਲੀ ਨੇ ਕਿਹਾ ਕਿ ਇਕੱਲੇ ਵਿਧਾਇਕ ਹੀ ਨਹੀਂ ਸਾਰੇ ਆਗੂ ਵੀ ਜਾਣਗੇ ਕਿਉਂਕਿ ਅਗਲੀ ਚੋਣਾਂ ਲਈ ਚਰਚਾ ਹੋਣੀ ਹੈ |