ਤਰਨਤਾਰਨ : ਤਰਨਤਾਰਨ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਮੁਹੱਲਾ ਗੁਰੂ ਖੂਹ ਚੌਕ ਵਿਖੇ ਕਲੀਨਿਕ ਚਲਾ ਰਹੀ ਨਰਸ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨਰਸ ਦੀ ਪਹਿਚਾਣ ਸੁਸ਼ਮਾ (43) ਵਜੋਂ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਸੁਸ਼ਮਾ ਕੈਨੇਡਾ ਜਾਣ ਦੀ ਤਿਆਰੀ ਕਰ ਰਹੀ ਸੀ।
ਮ੍ਰਿਤਕਾ ਦੇ ਭਰਾ ਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਸ਼ਮਾ ਬੀਏਐੱਮਐੱਸ ਡਾਕਟਰ ਸੀ ਤੇ ਮੁਹੱਲੇ ਵਿਚ ਕਲੀਨਿਕ ਚਲਾਉਂਦੀ ਸੀ। ਉਸ ਨੇ ਪਰਿਵਾਰ ਸਮੇਤ ਵਿਦੇਸ਼ ਜਾਣ ਲਈ ਕੁਝ ਏਜੰਟਾਂ ਨਾਲ ਰਾਬਤਾ ਕੀਤਾ ਸੀ ਤੇ 32 ਲੱਖ ਰੁਪਏ ਅਦਾ ਕੀਤੇ ਹੋਏ ਹਨ।
ਲੰਘੇ ਦਿਨ ਉਨ੍ਹਾਂ ਏਜੰਟਾਂ ਨੇ ਉਸ ਨੂੰ 4 ਲੱਖ ਰੁਪਏ ਦੇਣ ਲਈ ਬੁਲਾਇਆ ਤੇ ਉਥੋਂ ਆਪਣੀ ਕਾਰ ਵਿਚ ਅਗਵਾ ਕਰ ਲਿਆ। ਡਾ. ਸੁਸ਼ਮਾ ਰਾਤ ਭਰ ਘਰ ਨਹੀਂ ਆਈ ਅਤੇ ਉਸ ਖ਼ੂਨ ਨਾਲ ਲੱਥਪੱਥ ਲਾਸ਼ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਇਸ ਕਤਲ ਬਾਰੇ ਪਤਾ ਲੱਗਾ ਹੈ। ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਅਣਪਛਾਤਿਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।