ਫਰੀਦਕੋਟ ਕੇਂਦਰੀ ਜੇਲ੍ਹ 'ਚ ਬੰਦ ਘਰਵਾਲਿਆਂ ਨੂੰ ਮਿਲਣ ਆਈਆਂ ਮਹਿਲਾਵਾਂ ਨਸ਼ੇ ਸਮੇਤ ਕਾਬੂ  

ਏਜੰਸੀ

ਖ਼ਬਰਾਂ, ਪੰਜਾਬ

ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਔਰਤਾਂ ਜੇਲ੍ਹ ਵਿਚ ਬੰਦ ਵਿਸ਼ਾਲ ਸਿੰਘ ਨਾਮਕ ਵਿਅਕਤੀ ਲਈ ਨਸ਼ਾ ਲਿਆਈਆਂ ਸਨ। 

File Poto

ਫਰੀਦਕੋਟ - ਫਰੀਦਕੋਟ ਕੇਂਦਰੀ ਜੇਲ੍ਹ 'ਚ ਬੰਦ ਆਪਣੇ ਘਰਵਾਲਿਆਂ ਨੂੰ ਮਿਲਣ ਆਈਆਂ ਦੋ ਔਰਤਾਂ ਨੂੰ ਜੇਲ੍ਹ ਸਟਾਫ ਨੇ ਚੈਕਿੰਗ ਦੌਰਾਨ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮ ਔਰਤਾਂ ਕੋਲੋਂ ਕਰੀਬ 30 ਗ੍ਰਾਮ ਹੈਰੋਇਨ, 105 ਗ੍ਰਾਮ ਨਸ਼ੀਲਾ ਪਦਾਰਥ ਅਤੇ ਇੱਕ ਸਮਾਰਟ ਫ਼ੋਨ ਬਰਾਮਦ ਕੀਤਾ ਹੈ। ਪੁਲਿਸ ਨੇ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁਲਜ਼ਮ ਔਰਤਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਫ਼ਰੀਦਕੋਟ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਫ਼ਰੀਦਕੋਟ ਸਿਟੀ ਥਾਣੇ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਸਹਾਇਕ ਜੇਲ੍ਹ ਸੁਪਰਡੈਂਟ ਕਰਮਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਪ੍ਰੀਤੀ ਪਤਨੀ ਸਤੀਸ਼ ਕੁਮਾਰ ਅਤੇ ਸਿਮਰਨ ਕੌਰ ਪਤਨੀ ਪ੍ਰਦੀਪ ਸਿੰਘ ਵਾਸੀ ਕੱਚਾ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ 16 ਸਤੰਬਰ ਨੂੰ ਫਰੀਦਕੋਟ ਜੇਲ੍ਹ 'ਚ ਬੰਦ ਅਪਣੇ ਘਰਵਾਲਿਆਂ ਨੂੰ ਮਿਲਣ ਆਈਆਂ ਸਨ। 

ਪਰ ਉਕਤ ਮੁਲਾਕਾਤ ਤੋਂ ਪਹਿਲਾਂ ਜਦੋਂ ਜੇਲ੍ਹ ਸਟਾਫ਼ ਵੱਲੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਦੋਵਾਂ ਔਰਤਾਂ ਕੋਲੋਂ 30 ਗ੍ਰਾਮ ਹੈਰੋਇਨ, 105 ਗ੍ਰਾਮ ਕਾਲਾ ਨਸ਼ੀਲਾ ਪਦਾਰਥ ਅਤੇ ਇੱਕ ਸਮਾਰਟ ਫ਼ੋਨ ਬਰਾਮਦ ਹੋਇਆ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਔਰਤਾਂ ਜੇਲ੍ਹ ਵਿਚ ਬੰਦ ਵਿਸ਼ਾਲ ਸਿੰਘ ਨਾਮਕ ਵਿਅਕਤੀ ਲਈ ਨਸ਼ਾ ਲਿਆਈਆਂ ਸਨ। 

ਫਰੀਦਕੋਟ ਸਿਟੀ ਥਾਣੇ ਦੇ ਏ.ਐਸ.ਆਈ ਹਰਦੇਵ ਸਿੰਘ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਮਹਿਲਾਵਾਂ ਅਤੇ ਹਵਾਲਾਤੀ ਦੋਵਾਂ ਨੂੰ ਨਾਮਜ਼ਦ ਕਰਕੇ ਦੋਸ਼ੀ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।