Ludhiana News: 72 ਸਾਲਾ ਬਜ਼ੁਰਗ ਦਾ ਲੁਧਿਆਣਾ ਵਿਚ ਕਤਲ, ਲਾਸ਼ ਸਾੜੀ
Ludhiana News: ਜੁਲਾਈ ਤੋਂ ਲਾਪਤਾ ਐਨ.ਆਰ.ਆਈ. ਦੇ ਮਾਮਲੇ ’ਚ ਅਮਰੀਕੀ ਸਫ਼ਾਰਤਖ਼ਾਨੇ ਦੇ ਦਖ਼ਲ ਮਗਰੋਂ ਪੁਲੀਸ ਆਈ ਹਰਕਤ ’ਚ
72-year-old man murdered in Ludhiana: ਲੁਧਿਆਣਾ ਦੇ ਪਿੰਡ ਕਿਲ੍ਹਾ ਰਾਏਪੁਰ ਦੇ ਇਕ ਘਰ ਅੰਦਰ ਕਰੀਬ ਦੋ ਮਹੀਨੇ ਪਹਿਲਾਂ ਅਮਰੀਕਾ ਦੇ ਸੀਐਟਲ ਸ਼ਹਿਰ ਤੋਂ ਆਈ 72 ਸਾਲ ਦੀ ਐਨ.ਆਰ.ਆਈ. ਔਰਤ ਨੂੰ ਕਤਲ ਕਰ ਕੇ ਲਾਸ਼ ਸਾੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਤਲ ਦੇ ਮੁੱਖ ਮੁਲਜ਼ਮ ਦੀ ਪਛਾਣ ਮਹਿਮਾ ਸਿੰਘ ਵਾਲਾ ਪਿੰਡ ਦੇ ਇੰਗਲੈਂਡ ਵਸਦੇ ਐੱਨ.ਆਰ.ਆਈ. ਚਰਨਜੀਤ ਸਿੰਘ ਗਰੇਵਾਲ ਵਜੋਂ ਹੋਈ ਹੈ, ਜਿਸ ਨੇ ਕਥਿਤ ਤੌਰ ’ਤੇ ਕਤਲ ਦੀ ਸਾਜ਼ਸ਼ ਘੜੀ ਸੀ।
ਕਤਲ ਦੇ ਮੁਲਜ਼ਮ ਦੀ ਪਛਾਣ ਸੁਖਜੀਤ ਸਿੰਘ ਸੋਨੂੰ ਵਾਸੀ ਮੱਲਾ ਪੱਤੀ ਪਿੰਡ ਕਿਲ੍ਹਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ, ਜਿਸ ਨੇ ਚਰਨਜੀਤ ਸਿੰਘ ਗਰੇਵਾਲ ਵਲੋਂ ਘੜੀ ਸਾਜਸ਼ ਅਨੁਸਾਰ ਕਤਲ ਕਰਨਾ ਕਬੂਲਿਆ ਹੈ। ਸੁਖਜੀਤ ਸਿੰਘ ਸੋਨੂੰ ਨੇ ਪੁਲਿਸ ਦੀ ਪੁੱਛ-ਪੜਤਾਲ ਦੌਰਾਨ ਮੰਨਿਆ ਕਿ ਮ੍ਰਿਤਕਾ ਰੁਪਿੰਦਰ ਕੌਰ ਪੰਧੇਰ ਦਾ ਕਤਲ ਕਰਨ ਲਈ ਉਸ ਨੂੰ ਪੰਜਾਹ ਲੱਖ ਰੁਪਏ ਨਕਦ ਅਦਾ ਕੀਤੇ ਜਾਣੇ ਸਨ।
ਮ੍ਰਿਤਕਾ ਦੀ ਅਮਰੀਕਾ ਰਹਿੰਦੀ ਭੈਣ ਕਮਲ ਕੌਰ ਖਹਿਰਾ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੋਨੂੰ ਦੇ ਭਰਾ ਅਤੇ ਚਰਨਜੀਤ ਸਿੰਘ ਗਰੇਵਾਲ ਨੂੰ ਤੁਰਤ ਗ੍ਰਿਫ਼ਤਾਰ ਕਰ ਕੇ ਰੁਪਿੰਦਰ ਕੌਰ ਦੀ ਲਾਸ਼ ਬਰਾਮਦ ਕਰਵਾਈ ਜਾਵੇ। ਕਮਲ ਕੌਰ ਖਹਿਰਾ ਨੇ ਦਸਿਆ ਕਿ ਚਰਨਜੀਤ ਸਿੰਘ ਗਰੇਵਾਲ ਨੇ ਰੁਪਿੰਦਰ ਕੌਰ ਪੰਧੇਰ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਸ ਨੂੰ ਕਿਲ੍ਹਾ ਰਾਏਪੁਰ ਪਹੁੰਚਣ ਲਈ ਕਿਹਾ ਸੀ।
ਮ੍ਰਿਤਕ ਨੇ ਕਥਿਤ ਤੌਰ ’ਤੇ ਸੋਨੂੰ ਅਤੇ ਉਸ ਦੇ ਭਰਾ ਦੇ ਖਾਤਿਆਂ ਵਿਚ ਵੀ ਵੱਡੀਆਂ ਰਕਮਾਂ ਟਰਾਂਸਫ਼ਰ ਕੀਤੀਆਂ ਸਨ। ਐੱਸ.ਐੱਚ.ਓ. ਸੁਖਵਿੰਦਰ ਸਿੰਘ ਵਲੋਂ ਉੱਚ ਅਧਿਕਾਰੀਆਂ ਅੱਗੇ ਪੇਸ਼ ਕੀਤੀ ਰੀਪੋਰਟ ਤੋਂ ਪਤਾ ਚਲਿਆ ਹੈ ਕਿ ਸੋਨੂੰ ਨੇ ਚਰਨਜੀਤ ਸਿੰਘ ਗਰੇਵਾਲ ਦੇ ਕਹਿਣ ’ਤੇ ਉਕਤ ਕਤਲ ਕੀਤਾ ਸੀ ਅਤੇ ਲਾਸ਼ ਸਟੋਰ ਅੰਦਰ ਹੀ ਸਾੜ ਦਿਤੀ ਸੀ।
ਰੀਪੋਰਟ ਅਨੁਸਾਰ ਪੁਲਿਸ ਨੇ ਸੁਖਜੀਤ ਸਿੰਘ ਸੋਨੂੰ ਦੇ ਘਰੋਂ ਅਹਿਮ ਸਬੂਤ ਵੀ ਬਰਾਮਦ ਕੀਤੇ ਹਨ। ਮ੍ਰਿਤਕ ਦੀ ਭੈਣ ਕਮਲ ਕੌਰ ਖਹਿਰਾ ਨੇ ਰੁਪਿੰਦਰ ਦਾ ਫ਼ੋਨ ਬੰਦ ਮਿਲਣ ਤੋਂ ਚਾਰ ਦਿਨ ਬਾਅਦ, 28 ਜੁਲਾਈ ਨੂੰ ਭਾਰਤ ਵਿਚ ਅਮਰੀਕੀ ਸਫ਼ਾਰਤਖ਼ਾਨੇ ਤੋਂ ਦਖ਼ਲ ਦੀ ਮੰਗ ਕੀਤੀ ਸੀ। ਜੁਲਾਈ ਤੋਂ ਲਾਪਤਾ ਐਨ.ਆਰ.ਆਈ ਮਹਿਲਾ ਦੇ ਮਾਮਲੇ ’ਚ ਅਮਰੀਕੀ ਸਫ਼ਾਰਤਖ਼ਾਨੇ ਦੇ ਦਖ਼ਲ ਮਗਰੋਂ ਪੁਲਿਸ ਹਰਕਤ ’ਚ ਆਈ ਤਾਂ ਪੁਲਿਸ ਵਲੋਂ ਸੋਨੂੰ ਨੂੰ ਗਿ੍ਰਫਤਾਰ ਕਰ ਕੇ ਜਾਂਚ ਸ਼ੁਰੂ ਕੀਤੀ ਗਈ।
ਬੀਤੇ ਵੀਰਵਾਰ ਕਮਲ ਕੌਰ ਖਹਿਰਾ ਨੂੰ ਕਿਸੇ ਪਰਿਵਾਰਕ ਦੋਸਤ ਦਾ ਫ਼ੋਨ ਆਇਆ ਸੀ ਕਿ ਰੁਪਿੰਦਰ ਕੌਰ ਪੰਧੇਰ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਡੇਹਲੋਂ ਪੁਲਿਸ ਨੇ ਇਸ ਸਬੰਧ ਵਿੱਚ ਸੁਖਜੀਤ ਸਿੰਘ ਸੋਨੂੰ ਨੂੰ ਹਿਰਾਸਤ ਵਿਚ ਲਿਆ ਹੋਇਆ ਹੈ। ਏ.ਸੀ.ਪੀ ਹਰਜਿੰਦਰ ਸਿੰਘ ਗਿੱਲ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਮ੍ਰਿਤਕ ਦੇਹ ਦੇ ਅਤੇ ਹੋਰ ਸਬੂਤ ਇਕੱਤਰ ਕੀਤੇ ਜਾ ਰਹੇ ਹਨ ਇਸ ਤੋਂ ਬਾਅਦ ਹੀ ਉਹ ਇਸ ਬਾਰੇ ਕੁਝ ਦਸਣਗੇ।
ਡੇਹਲੋਂ ਤੋਂ ਹਰਜਿੰਦਰ ਸਿੰਘ ਗਰੇਵਾਲ ਦੀ ਰਿਪੋਰਟ