769 ਹੋਰ ਵਿਅਕਤੀ ਰਾਹਤ ਕੈਂਪਾਂ ਤੋਂ ਆਪਣੇ ਘਰਾਂ ਨੂੰ ਪਰਤੇ: ਹਰਦੀਪ ਸਿੰਘ ਮੁੰਡੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਤੱਕ 23340 ਵਿਅਕਤੀ ਸੁਰੱਖਿਅਤ ਕੱਢੇ ਗਏ, ਰਾਹਤ ਕੈਂਪਾਂ ਦੀ ਗਿਣਤੀ ਘਟਾ ਕੇ 38 ਕੀਤੀ

769 more people returned to their homes from relief camps: Hardeep Singh Mundian

ਚੰਡੀਗੜ੍ਹ: ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਹਾਲਾਤ ਸੁਧਰਨ ਨਾਲ ਪਿਛਲੇ 24 ਘੰਟਿਆਂ ਦੌਰਾਨ ਰਾਹਤ ਕੈਂਪਾਂ ਦੀ ਗਿਣਤੀ 41 ਤੋਂ ਘਟਾ ਕੇ 38 ਕਰ ਦਿੱਤੀ ਗਈ ਹੈ ਅਤੇ ਇੱਥੇ ਬਸੇਰਾ ਕਰ ਰਹੇ ਵਿਅਕਤੀਆਂ ਦਾ ਅੰਕੜਾ 1945 ਤੋਂ ਤੇਜ਼ੀ ਨਾਲ ਘਟ ਕੇ 1176 ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ 769 ਵਿਅਕਤੀਆਂ ਦੀ ਵੱਡੀ ਤਾਦਾਦ ਦਾ ਆਪਣੇ ਘਰਾਂ ਨੂੰ ਪਰਤਣਾ ਸ਼ੁਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਰਾਹਤ ਤੇ ਮੁੜ-ਵਸੇਬਾ ਕਾਰਜ ਸੁਚਾਰੂ ਢੰਗ ਨਾਲ ਅਗਲੇ ਪੜਾਅ ਵਧ ਰਹੇ ਹਨ ਅਤੇ ਪਰਿਵਾਰ ਲਗਾਤਾਰ ਆਪਣੇ ਘਰ ਵਾਪਸ ਪਰਤ ਰਹੇ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਰਾਹਤ ਕਾਰਜਾਂ ਤਹਿਤ ਹੁਣ ਤੱਕ ਕੁੱਲ 23,340 ਵਿਅਕਤੀਆਂ ਨੂੰ ਹੜ੍ਹਾਂ ਵਾਲੇ ਪਾਣੀ 'ਚੋਂ ਸੁਰੱਖਿਅਤ ਕੱਢਿਆ ਗਿਆ ਹੈ ਅਤੇ ਸੂਬਾ ਆਮ ਵਰਗੇ ਹਾਲਾਤ ਵੱਲ ਵਧ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਭਾਵਿਤ ਪਿੰਡਾਂ ਦੀ ਗਿਣਤੀ 2483 ਤੋਂ ਵਧ ਕੇ 2484 ਹੋਈ ਹੈ ਜਦਕਿ ਪ੍ਰਭਾਵਿਤ ਆਬਾਦੀ ਹੁਣ 3,89,279 ਹੈ।

ਮਾਲ ਮੰਤਰੀ ਨੇ ਦੱਸਿਆ ਕਿ ਪ੍ਰਭਾਵਿਤ ਹੋਇਆ ਫ਼ਸਲੀ ਰਕਬਾ 1,98,525 ਹੈਕਟੇਅਰ ਤੋਂ ਵਧ ਕੇ 1,99,678 ਹੈਕਟੇਅਰ ਜਾ ਪੁੱਜਾ ਹੈ ਕਿਉਂ ਜੋ ਜ਼ਿਲ੍ਹਾ ਫ਼ਾਜਿ਼ਲਕਾ ਵਿੱਚ 1153 ਹੈਕਟੇਅਰ ਤੋਂ ਵੱਧ ਹੋਰ ਖੇਤੀਯੋਗ ਜ਼ਮੀਨ ਪ੍ਰਭਾਵਿਤ ਹੋਈ ਹੈ।

ਮੁੰਡੀਆਂ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਇੱਕ ਹੋਰ ਮੌਤ ਦੀ ਰਿਪੋਰਟ ਨਾਲ ਸੂਬੇ ਵਿੱਚ ਕੁੱਲ ਮੌਤਾਂ ਦੀ ਗਿਣਤੀ 57 ਹੋ ਗਈ ਹੈ।