ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਮੁਹਿੰਮ ਜ਼ੋਰਾਂ ‘ਤੇ, ਸੜਕਾਂ, ਜਲ ਸਪਲਾਈ ਨੈੱਟਵਰਕਾਂ ਦੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਮੁਰੰਮਤ: ਡਾ. ਰਵਜੋਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੂੜੇ ਵਾਲੇ ਸਥਾਨਾਂ ਨੂੰ ਕੀਤਾ ਜਾ ਰਿਹੈ ਸਾਫ਼ ਅਤੇ ਰੋਜ਼ਾਨਾ ਰਹਿੰਦ-ਖੂੰਹਦ ਸਬੰਧੀ ਪ੍ਰਕਿਰਿਆ ਦੀ ਕੀਤੀ ਜਾ ਰਹੀ ਨਿਗਰਾਨੀ

Cleanliness drive in urban areas in full swing roads, water supply networks being repaired at a rapid pace

ਚੰਡੀਗੜ੍ਹ: ਪੰਜਾਬ ਭਰ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ ਚਲਾਈ 10 ਦਿਨਾਂ ਦੀ ਸਫਾਈ ਮੁਹਿੰਮ ਤਹਿਤ ਕਾਰਵਾਈ ਤੇਜ਼ ਕਰ ਦਿੱਤੀ ਹੈ ਜਿਸ ਵਿੱਚ ਸੜਕਾਂ ਦੀ ਮੁਰੰਮਤ, ਨਾਲੀਆਂ ‘ਚੋਂ ਗਾਰ ਕੱਢਣਾ, ਸਟਰੀਟ ਲਾਈਟਾਂ ਦੀ ਮੁਰੰਮਤ ਅਤੇ ਪਾਣੀ ਸਪਲਾਈ ਲਾਈਨਾਂ ਦੀ ਬਹਾਲੀ ਅਤੇ ਸੰਵੇਦਨਸ਼ੀਲ ਥਾਵਾਂ ਤੋਂ ਕੂੜਾ ਹਟਾਉਣ 'ਤੇ ਕੇਂਦ੍ਰਿਤ ਕੰਮ ਕੀਤਾ ਗਿਆ ਹੈ। ਹੜ੍ਹ ਪ੍ਰਭਾਵਿਤ ਕਸਬਿਆਂ ਅਤੇ ਸ਼ਹਿਰਾਂ ਵਿੱਚ ਆਮ ਸਥਿਤੀ ਨੂੰ ਬਹਾਲ ਕਰਨ ਲਈ ਜੇਸੀਬੀ, ਟਰੈਕਟਰ ਟਰਾਲੀਆਂ, ਕੰਪੈਕਟਰ ਅਤੇ ਫੌਗਿੰਗ ਮਸ਼ੀਨਾਂ ਦੀ ਸਹਾਇਤਾ ਨਾਲ ਸਮਰਪਿਤ ਟੀਮਾਂ 24 ਘੰਟੇ ਲਗਾਤਾਰ ਕੰਮ ਵਿੱਚ ਲੱਗੀਆਂ ਹੋਈਆਂ ਹਨ।

ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਵਾਰਡ-ਵਾਰ ਰੋਸਟਰ ਤਿਆਰ ਕੀਤੇ ਗਏ ਹਨ ਤਾਂ ਜੋ ਯੋਜਨਾਬੱਧ ਢੰਗ ਨਾਲ ਟੀਮਾਂ ਨੂੰ ਰੋਜ਼ਾਨਾ ਕੇਂਦਰਿਤ ਖੇਤਰਾਂ ਵਿੱਚ ਲਗਾਉਣਾ ਯਕੀਨੀ ਬਣਾਇਆ ਜਾ ਸਕੇ। ਲੁਧਿਆਣਾ ਵਰਗੇ ਵੱਡੇ ਕਾਰਪੋਰੇਸ਼ਨਾਂ ਵਿੱਚ ਜ਼ੋਨਲ ਕਮਿਸ਼ਨਰਾਂ ਸਮੇਤ ਨੋਡਲ ਅਫਸਰ ਨਿਯਮਤ ਸਫਾਈ ਮੁਹਿੰਮਾਂ ਤੋਂ ਇਲਾਵਾ, ਰੋਜ਼ਾਨਾ ਦੋ ਤੋਂ ਤਿੰਨ ਵਾਰਡਾਂ ਦਾ ਦੌਰਾ ਕਰਕੇ ਇਹਨਾਂ ਕਾਰਜਾਂ ਦੀ ਸਿੱਧੀ ਨਿਗਰਾਨੀ ਕਰ ਰਹੇ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਨਾਗਰਿਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਰੋਜ਼ਾਨਾ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਅਧਿਕਾਰੀਆਂ ਦੀ ਨਿੱਜੀ ਸ਼ਮੂਲੀਅਤ ਰਾਹੀਂ ਸਟਾਫ਼ ਅਤੇ ਸਥਾਨਕ ਨਿਵਾਸੀਆਂ ਨੂੰ ਸਰਗਰਮੀ ਨਾਲ ਸ਼ਾਮਲ ਕੀਤਾ ਜਾ ਰਿਹਾ ਹੈ, ਤਾਂ ਜੋ ਸਫ਼ਾਈ ਬਣਾਈ ਰੱਖਣ ਲਈ ਭਾਈਚਾਰਿਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ।

ਡਾ. ਰਵਜੋਤ ਸਿੰਘ ਨੇ ਅੱਗੇ ਦੱਸਿਆ ਕਿ ਕੰਪੈਕਟਰਾਂ ਅਤੇ ਰਹਿੰਦ-ਖੂੰਹਦ ਪ੍ਰੋਸੈਸਿੰਗ ਪਲਾਂਟਾਂ ਦੀ ਰੋਜ਼ਾਨਾ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੜਕਾਂ, ਪਾਣੀ ਸਪਲਾਈ ਨੈੱਟਵਰਕ ਅਤੇ ਸਟਰੀਟ ਲਾਈਟਾਂ ਸਮੇਤ ਨੁਕਸਾਨੇ ਗਏ ਬੁਨਿਆਦੀ ਢਾਂਚੇ ਦੀ ਸਰਗਰਮੀ ਨਾਲ ਮੁਰੰਮਤ ਕੀਤੀ ਜਾ ਰਹੀ ਹੈ। ਕੂੜੇ ਦੇ ਸੰਵੇਦਨਸ਼ੀਲ ਸਥਾਨਾਂ ਨੂੰ ਸਾਫ਼ ਕਰਨ ਅਤੇ ਰਹਿੰਦ-ਖੂੰਹਦ ਦੇ ਜਮ੍ਹਾਂ ਹੋਣ ਨੂੰ ਘਟਾਉਣ ਲਈ ਵਿਸ਼ੇਸ਼ ਟੀਮਾਂ ਨੂੰ ਲਾਮਬੰਦ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਮੁੱਚੀ ਮੁਹਿੰਮ ਨੂੰ ਪਹਿਲਾਂ ਅਤੇ ਬਾਅਦ ਦੀਆਂ ਫੋਟੋਆਂ ਰਾਹੀਂ ਦਸਤਾਵੇਜ਼ੀ ਰੂਪ ਵੀ ਦਿੱਤਾ ਜਾ ਰਿਹਾ ਹੈ। ਪੈਸਕੋ ਦੇ ਸਾਬਕਾ ਸੈਨਿਕਾਂ ਨੂੰ ਸਾਰੇ ਸ਼ਹਿਰੀ ਖੇਤਰਾਂ ਵਿੱਚ ਜ਼ਿੰਮੇਵਾਰੀ ਯਕੀਨੀ ਬਣਾਉਣ ਲਈ ਇਹਨਾਂ ਕਾਰਜਾਂ ਦੀ ਰਿਪੋਰਟਿੰਗ, ਤਸਦੀਕ ਅਤੇ ਨਿਗਰਾਨੀ ਵਿੱਚ ਸਹਾਇਤਾ ਲਈ ਤਾਇਨਾਤ ਕੀਤਾ ਗਿਆ ਹੈ। ਹੜ੍ਹ ਪ੍ਰਭਾਵਿਤ ਆਬਾਦੀ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਸਤੇ ਇੱਕ ਸ਼ਿਕਾਇਤ ਨਿਵਾਰਣ ਵਿਧੀ ਵੀ ਸ਼ੁਰੂ ਕੀਤੀ ਗਈ ਹੈ।