ਰਾਵੀ ਦਰਿਆ ਤੋਂ ਪਾਰ ਜ਼ਮੀਨ ’ਚੋਂ ਰੇਤ ਕੱਢੀ ਹੀ ਨਹੀਂ ਜਾ ਸਕਦੀ ਭਾਵੇਂ ਸਰਕਾਰ ਪੰਜ ਸਾਲ ਦਾ ਸਮਾਂ ਦੇ ਦੇਵੇ
ਦਰਿਆ ਤੋਂ ਪਾਰ ਜ਼ਮੀਨ ’ਤੇ ਖੇਤੀ ਕਰਨਾ ਬਹੁਤ ਮੁਸ਼ਕਿਲ ਭਰਿਆ ਕੰਮ
ਅਜਨਾਲਾ : ਰੋਜ਼ਾਨਾ ਸਪੋਕਸਮੈਨ ਦੀ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਅਜਨਾਲਾ ਇਲਾਕੇ ਦੇ ਪਿੰਡ ਕੋਟਰਜ਼ਾਦਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਪੱਤਰਕਾਰ ਕੁਲਦੀਪ ਸਿੰਘ ਭੜੋਟੇ ਵੱਲੋਂ ਮੌਜੂਦ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਅਸੀਂ ਤਾਂ ਅਜ਼ਾਦੀ ਮਗਰੋਂ ਲਗਾਤਾਰ ਹੜ੍ਹਾਂ ਦੀ ਮਾਰ ਝੱਲਦੇ ਆ ਰਹੇ ਹਾਂ। ਪਰ ਇਸ ਵਾਰ ਜ਼ਿਆਦਾ ਹੜ੍ਹ ਆਉਣ ਕਾਰਨ ਪੰਜਾਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਵੀ ਦਰਿਆ ਤੋਂ ਪਾਰ 11 ਪਿੰਡਾਂ ਦੀ 7 ਹਜ਼ਾਰ ਏਕੜ ਜ਼ਮੀਨ ਹੈ, ਜਿਸ ’ਤੇ ਸਰਹੱਦੀ ਇਲਾਕੇ ਦੇ ਕਿਸਾਨਾਂ ਵੱਲੋਂ ਖੇਤੀ ਕੀਤੀ ਜਾਂਦੀ ਹੈ ਜੋ ਕਿ ਬਹੁਤ ਹੀ ਮੁਸ਼ਕਿਲ ਭਰਿਆ ਕੰਮ ਹੈ। ਹੜ੍ਹਾਂ ਤੋਂ ਬਾਅਦ ਖੇਤਾਂ ਵਿਚ ਜਮ੍ਹਾਂ ਹੋਈ ਰੇਤ ਨੂੰ ਕੱਢਣ ਸਬੰਧੀ ਕਿਸਾਨਾਂ ਨੇ ਕਿਹਾ ਕਿ ਰਾਵੀ ਦਰਿਆ ਤੋਂ ਪਾਰ ਜ਼ਮੀਨ ਵਿਚੋਂ ਰੇਤ ਕੱਢੀ ਹੀ ਨਹੀਂ ਜਾ ਸਕਦੀ ਚਾਹੇ ਸਰਕਾਰ ਪੰਜ ਸਾਲ ਦਾ ਸਮਾਂ ਕਿਉਂ ਨਾ ਦੇ ਦੇਵੇ। ਕਿਉਂਕਿ ਦਰਿਆ ਤੋਂ ਪਾਰ ਜ਼ਮੀਨ ਵਿਚੋਂ ਰੇਤ ਨੂੰ ਕਿਸ ਤਰ੍ਹਾਂ ਕਿਸੇ ਵੀ ਇਕੱਠਾ ਕੀਤਾ ਜਾਵੇ ਤਾਂ ਫਿਰ ਉਸ ਨੂੰ ਖੇਤਾਂ ਵਿਚੋਂ ਕੱਢ ਕੇ ਭਾਰਤੀ ਪੰਜਾਬ ਵਾਲੇ ਪਾਸੇ ਕਿਸ ਤਰ੍ਹਾਂ ਲਿਆਂਦਾ ਜਾਵੇਗਾ, ਇਹ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ। ਦਰਿਆ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਇਥੇ ਤਾਂ ਕਿਸਾਨਾਂ ਨੂੰ ਆਪਣੀ ਫ਼ਸਲ ਬੀਜਣ, ਕੱਟਣ ਆਦਿ ਲਈ ਟਰੈਕਟਰਾਂ, ਕੰਬਾਈਨਾਂ ਅਤੇ ਮਜਦੂਰਾਂ ਆਦਿ ਨੂੰ ਕਿਸ਼ਤੀਆਂ ਰਾਹੀਂ ਦਰਿਆ ਤੋਂ ਪਾਰ ਲੈ ਕੇ ਜਾਇਆ ਜਾਂਦਾ ਹੈ। ਹਾਂ ਇੱਧਰ ਵਾਲੀ ਜ਼ਮੀਨ ਵਿਚੋਂ ਰੇਤ ਅਸੀਂ ਔਖੇ-ਸੌਖੇ ਜ਼ਰੂਰ ਕੱਢਾਂਗੇ, ਪਰ ਫਿਲਹਾਲ ਸਾਨੂੰ ਕਣਕ ਦੀ ਫ਼ਸਲ ਬੀਜਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਕਿਸਾਨਾਂ ਨੇ ਕਿਹਾ ਜਿਵੇਂ ਪੰਜਾਬ ਸਰਕਾਰ ਨੇ ਖੇਤਾਂ ਵਿਚੋਂ ਰੇਤ ਕੱਢਣ ਲਈ ਸਮਾਂ ਨਿਸ਼ਚਿਤ ਕੀਤਾ ਹੈ, ਉਸ ਨੂੰ ਖੁੱਲ੍ਹੇ ਸਮੇਂ ਲਈ ਵਧਾ ਦੇਣਾ ਚਾਹੀਦਾ ਹੈ ਤਾਂ ਹੀ ਕਿਸਾਨ ਆਪਣੇ ਖੇਤਾਂ ਵਿਚੋਂ ਰੇਤ ਕੱਢ ਸਕਣਗੇ।
ਕਿਸਾਨਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਕਿਸਾਨ ਪਿਛਲੇ 50 ਸਾਲਾਂ ਤੋਂ ਇਸੇ ਤਰ੍ਹਾਂ ਮੁਸ਼ਕਿਲਾਂ ਨਾਲ ਜੂਝਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਖੇਤੀ ਕਰਨੀ ਉਦੋਂ ਹੀ ਸੌਖੀ ਹੋ ਸਕਦੀ ਹੈ ਜੇਕਰ ਰਾਵੀ ਦਰਿਆ ’ਤੇ ਪੱਕਾ ਪੁਲ ਲੱਗੇ। ਜ਼ਮੀਨ ਸਬੰਧੀ ਬੋਲਦੇ ਹੋਏ ਕਿਸਾਨਾਂ ਨੇ ਕਿਹਾ ਕਿ ਰਾਵੀ ਦਰਿਆ ਤੋਂ ਪਾਰ ਜ਼ਮੀਨ ਇਧਰ ਵਾਲੀ ਜ਼ਮੀਨ ਨਾਲੋਂ ਵੀ ਜ਼ਿਆਦਾ ਪੈਦਾ ਦਿੰਦੀ ਹੈ। ਜਦੋਂ ਰਾਵੀ ਦਰਿਆ ਤੋਂ ਪਾਰ ਬਿਜਲੀ ਕੁਨੈਕਸ਼ਨ ਨਹੀਂ ਸਨ, ਉਦੋਂ ਅਸੀਂ ਕਣਕ ਬੀਜ ਕੇ ਆ ਜਾਂਦੇ ਤੇ ਉਹ ਫ਼ਸਲ ਮੀਂਹ ਦੇ ਸਹਾਰੇ ਹੀ ਹੁੰਦੀ ਸੀ। ਪਰ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਰਾਵੀ ਦਰਿਆ ਤੋਂ ਪਾਰ ਬਿਜਲੀ ਕੁਨੈਕਸ਼ਨ ਦਿੱਤੇ ਹਨ ਉਦੋਂ ਤੋਂ ਸਾਡੀ ਰਾਵੀ ਦਰਿਆ ਤੋਂ ਪਾਰ ਜ਼ਮੀਨ ਵਿਚੋਂ ਬਹੁਤ ਜ਼ਿਆਦਾ ਫ਼ਸਲ ਦੀ ਪੈਦਾਵਾਰ ਹੁੰਦੀ ਹੈ।
ਇਸ ਮੌਕੇ ਇਕ ਬਜ਼ੁਰਗ ਕਿਸਾਨ ਨੇ ਗੱਲ ਕਰਦਿਆਂ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਬਰਬਾਦੀ ਦੇਖਦੇ ਆਏ ਹਨ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਤੋਂ ਪਾਰ ਖੇਤੀ ਕਰਨਾ ਬਹੁਤ ਮੁਸ਼ਕਿਲ ਹੈ, ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਰਾਵੀ ਦਰਿਆ ਤੋਂ ਪਾਰ ਆਪਣੇ ਖੇਤੀ ਵਾਲੇ ਸੰਦਾਂ ਲੈ ਕੇ ਜਾਂਦੇ ਹਾਂ ਤਾਂ ਸਾਡੀ ਜਾਨ ਮੁੱਠੀ ਵਿਚ ਆ ਜਾਂਦੀ ਹੈ। ਕਈ ਵਾਰ ਤਾਂ ਦਰਿਆ ਵਿਚ ਜ਼ਿਆਦਾ ਪਾਣੀ ਹੋਣ ਕਰਕੇ ਟਰੈਕਟਰ ਆਦਿ ਪਾਣੀ ਵਿਚ ਰੁੜੇ ਵੀ ਹਨ। ਜਦੋਂ ਪੱਤਰਕਾਰ ਨੇ ਪੁੱਛਿਆ ਕਿ ਰਾਵੀ ਦਰਿਆ ਤੋਂ ਪਾਰ ਤੋਂ ਜ਼ਮੀਨਾਂ ਮਾਲਕੀ ਹੱਕ ਵਾਲੀਆਂ ਹਨ ਤਾਂ ਕਿਸਾਨਾਂ ਨੇ ਕਿਹਾ ਕਿ ਇਨ੍ਹਾਂ ਵਿਚੋਂ ਸਾਡੀ ਮਾਲਕੀ ਹੱਕ ਵਾਲੀਆਂ ਜ਼ਮੀਨਾਂ ਵੀ ਹਨ ਜਦਕਿ ਕੁੱਝ ਜ਼ਮੀਨ ਸੈਂਟਰ ਸਰਕਾਰ ਦੀ ਹੈ ਅਤੇ ਕੁੱਝ ਜ਼ਮੀਨ ਜੰਗਲਾਤ ਵਿਭਾਗ ਦੀ ਹੈ। ਪਰ ਇਨ੍ਹਾਂ ਜ਼ਮੀਨਾਂ ਨੂੰ ਕਿਸਾਨਾਂ ਵੱਲੋਂ ਹੀ ਆਬਾਦ ਕੀਤਾ ਗਿਆ ਹੈ।
ਕਿਸਾਨਾਂ ਨੇ ਕਿਹਾ ਕਿ ਤਾਜ਼ਾ ਆਏ ਹੜ੍ਹਾਂ ਨੇ ਸਾਨੂੰ ਬਿਲਕੁਲ ਬਰਬਾਦ ਕਰਕੇ ਰੱਖ ਦਿੱਤਾ ਹੈ। ਕਰਜ਼ਾ ਹੇਠ ਦੱਬੀ ਕਿਸਾਨੀ ਨੂੰ ਹੁਣ ਆੜ੍ਹਤੀ ਵੀ ਆਪਣਾ ਹੱਥ ਨਹੀਂ ਫੜਾਉਣਗੇ। ਦੁਖੀ ਕਿਸਾਨਾਂ ਨੇ ਕਿਹਾ ਕਿ ਜਦੋਂ ਸਾਡੀ ਫ਼ਸਲ ਹੀ ਬਰਬਾਦ ਹੋ ਚੁੱਕੀ ਹੈ ਤਾਂ ਅਸੀਂ ਬੈਂਕਾਂ ਅਤੇ ਆੜ੍ਹਤੀਆਂ ਦਾ ਕਰਜ਼ਾ ਕਿਸ ਤਰ੍ਹਾਂ ਮੋੜਾਂਗੇ। ਸਰਕਾਰ ਵੱਲੋਂ ਵੀ ਰੋਂਦਿਆਂ ਦੇ ਹੰਝੂ ਪੂੰਝਣ ਦਾ ਕੰਮ ਕੀਤਾ ਜਾਂਦਾ ਹੈ। ਹੁਣ ਸਾਡਾ ਪ੍ਰਤੀ ਏਕੜ 70 ਤੋਂ 80 ਹਜ਼ਾਰ ਰੁਪਏ ਦਾ ਝੋਨਾ ਨਿਕਲਣਾ ਸੀ ਜੋ ਹੜ੍ਹਾਂ ਕਾਰਨ ਬਰਬਾਦ ਹੋ ਗਿਆ ਹੈ। ਜੇਕਰ ਸਰਕਾਰ ਸਾਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇ ਵੀ ਦੇਵੇਗੀ ਤਾਂ ਉਸ ਨਾਲ ਸਾਡਾ ਕੀ ਬਣਨਾ ਹੈ ਕਿਉਂਕਿ ਇੰਨੇ ਕੁ ਪੈਸਿਆਂ ਨਾਲ ਹੜ੍ਹਾਂ ਨਾਲ ਹੋਈ ਬਰਬਾਦੀ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ
ਮੌਕੇ ’ਤੇ ਮੌਜੂਦ ਕਿਸਾਨਾਂ ਵੱਲੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਰੱਜ ਕੇ ਤਾਰੀਫ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਹੜਾ ਪੁਲ ਹੜ੍ਹਾਂ ਦਰਮਿਆਨ ਟੁੱਟਿਆ ਹੈ ਜੇਕਰ ਪੁਲ ਮੁੜ ਤੋਂ ਬਣ ਜਾਵੇ ਤਾਂ ਕਿਸਾਨਾਂ ਨੂੰ ਖੇਤੀ ਕਰਨੀ ਕਾਫ਼ੀ ਹੱਦ ਤੱਕ ਆਸਾਨ ਹੋ ਜਾਵੇਗੀ। ਕਿਸਾਨਾਂ ਨੇ ਕਿਹਾ ਕਿ ਧਾਲੀਵਾਲ ਹੜ੍ਹਾਂ ਦੌਰਾਨ ਵੀ ਕਿਸਾਨਾਂ ਦੇ ਨਾਲ ਮੋਢਾ-ਮੋਢਾ ਜੋੜ੍ਹ ਕੇ ਖੜ੍ਹੇ ਅਤੇ ਉਨ੍ਹਾਂ ਕਿਸਾਨੀ ਦੇ ਦਰਦ ਨੂੰ ਸਮਝਿਆ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਵੀ ਖੁਦ ਆ ਕੇ ਹੜ੍ਹ ਪੀੜਤਾਂ ਦੀ ਖੁਦ ਮਦਦ ਕੀਤੀ ਗਈ।