ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਦੋ ਦੀ ਮੌਤ
ਕਸਬਾ ਭਦੌੜ ਵਿਚ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਚੱਲੀ ਗੋਲੀ ਵਿਚ ਜ਼ਮੀਨ ਮਾਲਕ ............
ਕਸਬਾ ਭਦੌੜ ਵਿਚ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਚੱਲੀ ਗੋਲੀ ਵਿਚ ਜ਼ਮੀਨ ਮਾਲਕ ਅਤੇ ਝੋਨਾ ਵੱਢ ਰਹੀ ਕੰਬਾਈਨ ਦੇ ਡਰਾਈਵਰ ਦੀ ਮੌਤ ਹੋ ਗਈ ਜਦਕਿ ਕੰਬਾਈਨ ਮਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਏ ਜਿਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਐ। ਜਾਣਕਾਰੀ ਅਨੁਸਾਰ ਇਹ ਜ਼ਮੀਨੀ ਵਿਵਾਦ ਕਾਫ਼ੀ ਪੁਰਾਣਾ ਦਸਿਆ ਜਾ ਰਿਹੈ ਜਿਸ ਨੂੰ ਲੈ ਕੇ ਅਦਾਲਤ ਵਿਚ ਮੁਕੱਦਮਾ ਵੀ ਚੱਲ ਰਿਹਾ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਭਦੌੜ ਦੇ ਮੁਖੀ ਗੌਰਵਵੰਸ਼ ਸਿੰਘ ਨੇ ਦਸਿਆ ਕਿ ਜ਼ਮੀਨ ਨੂੰ ਲੈ ਕੇ ਬਹਾਦਰ ਸਿੰਘ ਅਤੇ ਜਗਦੀਪ ਸਿੰਘ ਵਿਚਕਾਰ ਵਿਵਾਦ ਚੱਲ ਰਿਹਾ ਸੀ ਪਰ ਜਦੋਂ ਜਗਦੀਪ ਸਿੰਘ ਅਪਣੇ ਖੇਤਾਂ ਵਿਚ ਲੱਗੀ ਝੋਨੇ ਦੀ ਫ਼ਸਲ ਕੰਬਾਈਨ ਤੋਂ ਵਢਾ ਰਿਹਾ ਸੀ ਤਾਂ ਬਹਾਦਰ ਸਿੰਘ ਅਪਣੇ ਕੁੱਝ ਸਾਥੀਆਂ ਨੂੰ ਲੈ ਕੇ ਉਥੇ ਪਹੁੰਚ ਗਿਆ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਜਗਦੀਪ ਅਤੇ ਕੰਬਾਈਨ ਵਾਲਿਆਂ 'ਤੇ ਗੋਲੀ ਚਲਾ ਦਿਤੀ ।
ਇਸ ਜਦੋਂ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਤਾਂ ਉਥੇ ਡਾਕਟਰਾਂ ਨੇ ਜਗਦੀਪ ਤੇ ਕੰਬਾਈਨ ਡਰਾਈਵਰ ਹੈਪੀ ਸਿੰਘ ਨੂੰ ਮ੍ਰਿਤਕ ਐਲਾਨ ਦਿਤਾ। ਭਦੌੜ ਵਿਚ ਹੋਈ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਹਾਹਾਕਾਰ ਮਚੀ ਹੋਈ ਹੈ ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣੈ ਕਿ ਫ਼ਰਾਰ ਹੋਏ ਮੁਲਜ਼ਮ ਜਲਦ ਦੀ ਪੁਲਿਸ ਦਾ ਪਕੜ ਵਿਚ ਹੋਣਗੇ।