ਭਾਜਪਾ ਆਗੂਆਂ ਦਾ ਵਿਰੋਧ, ਪੰਜਾਬ 'ਚ ਭਾਜਪਾ ਲਈ ਹਾਸ਼ੀਏ 'ਤੇ ਜਾਣ ਦੇ ਸੰਕੇਤ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਆਗੂਆਂ ਦਾ ਵਿਰੋਧ, ਪੰਜਾਬ 'ਚ ਭਾਜਪਾ ਲਈ ਹਾਸ਼ੀਏ 'ਤੇ ਜਾਣ ਦੇ ਸੰਕੇਤ

image

ਕਿਸਾਨਾਂ ਵਲੋਂ ਭਾਜਪਾ ਦੇ ਕੇਂਦਰੀ ਤੇ ਸੂਬਾਈ ਆਗੂਆਂ ਦੇ ਘਿਰਾਉ ਦਾ ਐਲਾਨ!
 

ਕੋਟਕਪੂਰਾ, 16 ਅਕਤੂਬਰ (ਗੁਰਿੰਦਰ ਸਿੰਘ) : ਭਾਵੇਂ ਅਕਾਲੀ-ਭਾਜਪਾ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਦੇ ਸੂਬਾਈ ਅਤੇ ਕੇਂਦਰੀ ਆਗੂਆਂ ਨੇ ਵੱਡੇ-ਵੱਡੇ ਦਾਅਵੇ ਕਰਨੇ ਸ਼ੁਰੂ ਕਰ ਦਿਤੇ ਹਨ ਕਿ ਉਹ ਇਕੱਲੇ ਹੀ ਪੰਜਾਬ 'ਚ ਅਪਣੀ ਪਾਰਟੀ ਦੀ ਸਰਕਾਰ ਬਣਾ ਕੇ ਦਿਖਾ ਦੇਣਗੇ ਪਰ ਖੇਤੀ ਨਾਲ ਸਬੰਧਤ ਤਿੰਨ ਜਬਰੀ ਪਾਸ ਕੀਤੇ ਗਏ ਕਾਨੂੰਨ ਹੀ ਭਾਜਪਾ ਲਈ ਗਲੇ ਦੀ ਹੱਡੀ ਬਣ ਸਕਦੇ ਹਨ। ਕਿਉਂਕਿ ਭਾਜਪਾ ਆਗੂਆਂ ਦੇ ਕਿਸਾਨਾ ਵਲੋਂ ਥਾਂ-ਥਾਂ ਕੀਤੇ ਜਾ ਰਹੇ ਸਖਤ ਵਿਰੋਧ ਦੀਆਂ ਘਟਨਾਵਾਂ ਭਾਜਪਾ ਦੀ ਰਣਨੀਤੀ 'ਤੇ ਪਾਣੀ ਹੀ ਨਹੀਂ ਫੇਰ ਰਹੀਆਂ ਬਲਕਿ ਪੰਜਾਬ 'ਚੋਂ ਭਾਜਪਾ ਦੇ ਹਾਸ਼ੀਏ 'ਤੇ ਚਲੇ ਜਾਣ ਦਾ ਸੰਕੇਤ ਵੀ ਦੇ ਰਹੇ ਹਨ।
ਇਕ ਪਾਸੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਕਮੁੱਠਤਾ ਨਾਲ ਕਿਸਾਨ ਅੰਦੋਲਨ ਹੋਰ ਤੇਜ਼ ਕਰਨ ਦਾ ਫ਼ੈਸਲਾ ਕਰਦਿਆਂ ਦਾਅਵਾ ਕੀਤਾ ਹੈ ਕਿ ਕਿਸਾਨ ਭਾਜਪਾ ਦੇ ਕੇਂਦਰੀ ਨੇਤਾਵਾਂ ਨੂੰ ਪੰਜਾਬ ਦੀਆਂ ਬਰੂਹਾਂ ਨਹੀਂ ਟੱਪਣ ਦੇਣਗੇ, ਸਗੋਂ ਸੂਬਾਈ ਭਾਜਪਾ ਦੇ ਵੱਡੇ ਨੇਤਾਵਾਂ ਦੇ ਘਰਾਂ/ਦਫ਼ਤਰਾਂ ਦਾ ਘਿਰਾਉ ਕੀਤਾ ਜਾਵੇਗਾ। ਬੀਤੇ ਕਲ ਵਾਪਰੀਆਂ ਅਤੇ ਅੱਜ ਰੋਜ਼ਾਨਾ ਸਪੋਕਸਮੈਨ ਦੇ ਪ੍ਰਮੁੱਖ ਪੰਨਿਆਂ 'ਤੇ ਪ੍ਰਕਾਸ਼ਤ ਹੋਈਆਂ ਅਰਥਾਤ ਸੁਰਖੀਆਂ ਬਣੀਆਂ ਦੋ ਖਬਰਾਂ ਵਲ ਧਿਆਨ ਦਿਵਾਉਣਾ ਜ਼ਰੂਰੀ ਹੈ।
ਹਾਥਰਸ ਵਿਖੇ ਵਾਪਰੀ ਬਲਾਤਕਾਰ ਅਤੇ ਕਤਲ ਦੀ ਸ਼ਰਮਨਾਕ ਘਟਨਾ 'ਚ ਭਾਜਪਾ ਦੀ ਹੋਈ ਕਿਰਕਰੀ ਦਾ ਦਾਗ ਧੋਣ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿੰਡ ਚੱਕ ਜਾਨੀਸਰ 'ਚ ਵਾਪਰੀ ਦਲਿਤ 'ਤੇ ਅੱਤਿਆਚਾਰ ਕਰਨ ਦੀ ਘਟਨਾ ਲਈ ਕੈਪਟਨ ਸਰਕਾਰ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਨੂੰ ਘੇਰੇ 'ਚ ਲਿਆਉਣ ਦੀ ਮਨਸ਼ਾ ਨਾਲ ਆਏ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਦਾ ਕਿਸਾਨਾ ਵਲੋਂ ਵਿਰੋਧ ਕਰਦਿਆਂ ਮੋਦੀ-ਯੋਗੀ ਮੁਰਦਾਬਾਦ, ਪੰਜਾਬ ਵਿਰੋਧੀ ਅਤੇ ਕਿਸਾਨ ਵਿਰੋਧੀ ਦੇ ਨਾਅਰੇ ਲਾ ਕੇ ਵਿਜੈ ਸਾਂਪਲਾ ਨੂੰ ਉਸ ਵੇਲੇ ਪਿੰਡ ਮਹਾਂਬੱਧਰ ਤੋਂ ਹੀ ਵਾਪਸ ਮੁੜਨ ਲਈ ਮਜਬੂਰ ਹੋਣਾ ਪਿਆ, ਜਦੋਂ ਵਿਜੈ ਸਾਂਪਲਾ ਖੁਦ ਅਤੇ ਉਸ ਦੇ ਕਾਫ਼ਲੇ 'ਚ ਸ਼ਾਮਲ ਸੀਨੀਅਰ ਭਾਜਪਾ ਆਗੂ ਕਿਸਾਨਾਂ ਮੂਹਰੇ ਮਿੰਨਤਾਂ ਤਰਲੇ ਕਰਦੇ, ਵਾਸਤੇ ਪਾਉਂਦੇ ਅਤੇ ਲੇਲੜੀਆਂ ਤਕ ਕਢਦੇ ਰਹੇ ਪਰ ਕਿਸਾਨ ਟੱਸ ਤੋਂ ਮੱਸ ਨਾ ਹੋਏ।
ਦੂਜੀ ਘਟਨਾ ਬਠਿੰਡਾ ਵਿਖੇ ਵਾਪਰੀ, ਜਿਥੇ ਭਾਜਪਾ ਦੀ ਕੇਂਦਰੀ ਮੰਤਰੀ ਮੈਡਮ ਸਮਰਿਤੀ ਇਰਾਨੀ ਤਿੰਨ ਖੇਤੀ ਬਿਲਾਂ ਸਬੰਧੀ ਆੜ੍ਹਤੀਆਂ ਨੂੰ ਵਿਸ਼ਵਾਸ 'ਚ ਲੈਣ ਲਈ ਪੁੱਜੀ ਤਾਂ ਆੜ੍ਹਤੀਆਂ ਨੇ ਇਰਾਨੀ ਨਾਲ ਮੀਟਿੰਗ ਦਾ ਬਾਈਕਾਟ ਕਰ ਦਿਤਾ। ਫ਼ੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਦੀ ਅਗਵਾਈ 'ਚ ਹਰਿਆਣਾ ਅਤੇ ਰਾਜਸਥਾਨ ਦੇ ਪ੍ਰਧਾਨਾ ਸਮੇਤ ਅੱਧੀ ਦਰਜਨ ਤੋਂ ਜ਼ਿਆਦਾ ਅਹੁਦੇਦਾਰਾਂ ਨੇ ਮੈਡਮ ਸਮਰਿਤੀ ਇਰਾਨੀ ਨਾਲ ਗੱਲਬਾਤ ਕਰਨ ਦਾ ਸੱਦਾ ਰੱਦ ਕਰਦਿਆਂ ਬਾਈਕਾਟ ਹੀ ਨਾ ਕੀਤਾ ਸਗੋਂ ਇਹ ਦਾਅਵਾ ਵੀ ਕਰ ਦਿਤਾ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਇਕੱਲੇ ਕਿਸਾਨਾਂ ਨੂੰ ਹੀ ਨਹੀਂ ਬਲਕਿ ਆੜ੍ਹਤੀਆਂ ਨੂੰ ਵੀ ਵੱਡਾ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਕੇਂਦਰ ਵਲੋਂ ਦਿੱਲੀ ਵਿਖੇ ਸੱਦ ਕੇ ਕਿਸਾਨਾ ਦੀ ਗੱਲ ਨਾ ਸੁਣਨ ਦੀ ਵੀ ਨਿਖੇਧੀ ਕੀਤੀ।
ਇਕ ਪਾਸੇ ਭਾਜਪਾ ਆਗੂਆਂ ਦਾ ਦਾਅਵਾ ਹੈ ਕਿ ਭਾਜਪਾ ਦੇ ਕੇਂਦਰੀ ਮੰਤਰੀ ਅਤੇ ਸੂਬਾਈ ਆਗੂ ਕਿਸਾਨ-ਮਜ਼ਦੂਰ, ਆੜ੍ਹਤੀਏ ਅਤੇ ਹੋਰ ਵਰਗਾਂ ਨੂੰ ਭਰੋਸੇ 'ਚ ਲੈਣ ਲਈ ਪਾਰਟੀ ਵਲੋਂ ਛਪਵਾਏ ਗਏ 10 ਲੱਖ ਕਿਤਾਬਚਿਆਂ ਦੇ ਹਵਾਲੇ ਨਾਲ ਉਕਤ ਮੋਰਚਾ ਫ਼ਤਿਹ ਕਰਨ 'ਚ ਕਾਮਯਾਬ ਹੋਣਗੇ ਪਰ ਦੂਜੇ ਪਾਸੇ ਕਿਸਾਨ-ਮਜਦੂਰ ਅਤੇ ਆੜ੍ਹਤੀਏ ਭਾਜਪਾ ਆਗੂਆਂ ਦੀ ਗੱਲ ਸੁਣਨੀ ਤਾਂ ਦੂਰ ਉਨ੍ਹਾਂ ਨੂੰ ਵੇਖਣਾ ਵੀ ਪਸੰਦ ਨਹੀਂ ਕਰ ਰਹੇ।
 

ਕਿਸਾਨ-ਮਜ਼ਦੂਰ ਤੇ ਆੜ੍ਹਤੀਆਂ ਦਾ ਭਾਜਪਾ ਆਗੂਆਂ ਨੂੰ ਮਿਲਣ ਤੋਂ ਇਨਕਾਰ
ਭਾਜਪਾ ਨੇ 10 ਲੱਖ ਕਿਤਾਬਚੇ ਛਪਵਾ ਕੇ ਘਰ-ਘਰ ਜਾਣ ਦੀ ਬਣਾਈ ਸੀ ਰਣਨੀਤੀ