ਚੰਡੀਗੜ੍ਹ ਸੈਕਟਰ 16 'ਚ ਲੱਗੇ ਮਿਲੇ ਖਾਲਿਸਤਾਨ ਦੇ ਪੋਸਟਰ, ਮਾਹੌਲ ਵਿਗਾੜਨ ਦੀ ਕੋਸ਼ਿਸ਼
ਪੋਸਟਰ ਦੇ ਥੱਲੇ ਦਲ ਖਾਲਸਾ ਯੂਕੇ ਵੀ ਲਿਖਿਆ ਹੋਇਆ ਹੈ
ਚੰਡੀਗੜ੍ਹ - ਇੱਕ ਵਾਰ ਫਿਰ ਚੰਡੀਗੜ੍ਹ ਵਿਚ ਖਾਲਿਸਤਾਨ ਦੇ ਪੋਸਟਰ ਵੇਖਣ ਨੂੰ ਮਿਲੇ ਹਨ। ਇਸ ਤੋਂ ਪਹਿਲਾਂ ਪਿਛਲੇ ਕੁਝ ਦਿਨਾਂ ਵਿਚ ਵੱਖ-ਵੱਖ ਥਾਵਾਂ 'ਤੇ ਦੋ ਵਾਰ ਖਾਲਿਸਤਾਨ ਦੇ ਪੋਸਟਰ ਲਗਾਏ ਜਾ ਚੁੱਕੇ ਹਨ। ਪਿਛਲੇ ਦਿਨੀਂ ਚੰਡੀਗੜ੍ਹ ਦੇ ਸੈਕਟਰ -44 ਵਿਚ ਸਾਈਨ ਬੋਰਡ ਉੱਤੇ ਖਾਲਿਸਤਾਨ ਦੇ ਪੋਸਟਰ ਲਗਾਏ ਗਏ ਸਨ।
ਅੱਜ ਸੈਕਟਰ -16 ਵਿਚ ਲਗਾਏ ਗਏ ਪੋਸਟਰਾਂ 'ਤੇ ਬਲਵੰਤ ਸਿੰਘ ਰਾਜੋਆਣਾ ਦੇ ਹੱਕ ਵਿਚ ਅਤੇ ਸਿੱਖ ਸੁਤੰਤਰਤਾ ਬਾਰੇ ਗੱਲਾਂ ਲਿਖੀਆਂ ਗਈਆਂ ਹਨ। ਇਸ ਤੋਂ ਇਲਾਵਾ ਜੁਆਇਨ ਦਾ ਰੈਵੋਲਿਊਸ਼ਨ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਗਿਆ ਹੈ।
ਇਸ ਵਾਰ ਪਿਛਲੇ ਸਮੇਂ ਨਾਲੋਂ ਵੱਡੇ ਪੋਸਟਰ ਲਗਾਏ ਗਏ ਹਨ, ਜੋ ਹਲਕੇ ਲਾਲ ਰੰਗ ਦੇ ਹਨ। ਪੋਸਟਰ ਦੇ ਥੱਲੇ ਦਲ ਖਾਲਸਾ ਯੂਕੇ ਵੀ ਲਿਖਿਆ ਹੋਇਆ ਹੈ। ਇਸ ਤੋਂ ਪਹਿਲਾਂ ਅਗਸਤ ਵਿਚ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਪੋਸਟਰ ਲਾਉਣ ਅਤੇ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਹੁਣ ਚੰਡੀਗੜ੍ਹ ਵਿਚ ਅਜਿਹੇ ਪੋਸਟਰ ਲਗਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲਾਲ ਪੋਸਟਰ 'ਤੇ ਖੰਡਾ ਸਾਹਿਬ ਦੀ ਫੋਟੋ ਲੱਗੀ ਹੋਈ ਹੈ, ਜਿਸ' ਤੇ ਖਾਲਿਸਤਾਨ ਸਮੇਤ ਹੋਰ ਵੀ ਕਈ ਗੱਲਾਂ ਅੰਗਰੇਜ਼ੀ ਵਿਚ ਲਿਖੀਆਂ ਹੋਈਆਂ ਹਨ। ਪਿਛਲੇ ਕੁਝ ਸਮੇਂ ਤੋਂ ਦੇਸ਼ ਵਿਰੋਧੀ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।