ਸਰਕਾਰ ਦੀ ਸਰਕਾਰੀ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਉਤੇ ਹੋਈ ਨਜ਼ਰ ਸਵੱਲੀ
ਸਰਕਾਰ ਦੀ ਸਰਕਾਰੀ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਉਤੇ ਹੋਈ ਨਜ਼ਰ ਸਵੱਲੀ
30 ਨਵੰਬਰ ਤਕ ਸਾਫ਼ ਪੀਣ ਵਾਲਾ ਪਾਣੀ ਅਤੇ ਪਖ਼ਾਨਿਆਂ ਦਾ ਪ੍ਰਬੰਧ ਕਰਨ ਦੇ ਆਦੇਸ਼
ਚੰਡੀਗੜ੍ਹ, 16 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਬੱਚਿਆਂ ਦੀ ਸਿਹਤ ਨੂੰ ਮੱਦੇਨਜ਼ਰ ਰਖਦਿਆਂ ਖਾਸ ਕਰਕੇ ਮੌਜੂਦਾ ਸਮੇਂ ਕੋਵਿਡ ਦੀ ਸਥਿਤੀ ਦੌਰਾਨ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਨੂੰ 30 ਨਵੰਬਰ ਤਕ ਸਾਫ਼ ਪੀਣ ਵਾਲਾ ਪਾਣੀ ਅਤੇ ਪਖ਼ਾਨਿਆਂ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ। ਮੁੱਖ ਮੰਤਰੀ ਨੇ ਇਸ ਸਬੰਧੀ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਅਤੇ ਸਵੱਛ ਤੇ ਸਿਹਤਮੰਦ ਪੰਜਾਬ ਪ੍ਰੋਗਰਾਮ ਤਹਿਤ ਵੱਡੇ ਪੱਧਰ 'ਤੇ ਮੁਹਿੰਮ ਵਿੱਢਣ ਦੇ ਆਦੇਸ਼ ਦਿਤੇ। ਇਹ ਮੁਹਿੰਮ ਸਬੰਧਤ ਸਕੂਲ ਪ੍ਰਬੰਧਕੀ ਕਮੇਟੀਆਂ, ਪੰਚਾਇਤਾਂ ਤੇ ਸਥਾਨਕ ਸਰਕਾਰਾਂ ਦੀ ਵੀ ਸਰਗਰਮ ਹਿੱਸੇਦਾਰੀ ਨਾਲ ਚਲਾਈ ਜਾਵੇਗੀ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਨੀ ਮਹਾਜਨ ਨੇ ਸਥਾਨਕ ਸਰਕਾਰਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਨੂੰ ਆਖਿਆ ਕਿ ਸਬੰਧਤ ਵਿਭਾਗਾਂ ਦੀ ਅਨੁਮਾਨਤ ਜ਼ਰੂਰਤ ਅਨੁਸਾਰ ਸਾਰੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਨੂੰ ਪਾਈਪ ਵਾਲਾ ਪੀਣ ਵਾਲਾ ਪਾਣੀ ਅਤੇ ਪਖਾਨਿਆਂ ਦਾ ਪ੍ਰਬੰਧ ਯਕੀਨੀ ਬਣਾਉਣ ਲਈ ਤੁਰਤ ਕਦਮ ਚੁੱਕੇ ਜਾਣ।
ਵਿਨੀ ਮਹਾਜਨ ਨੇ ਕਿਹਾ ਇਹ ਮੁਹਿੰਮ ਬੱਚਿਆਂ ਦੀ ਏਕੀਕ੍ਰਿਤ ਜੀਵਨ ਹੁਨਰ ਸਿਖਿਆ ਦੇ ਨਾਲ-ਨਾਲ ਸਾਫ਼ ਸਫ਼ਾਈ ਦੇ ਅਹਿਮ ਵਿਵਹਾਰਾਂ ਜਿਵੇਂ ਕਿ ਪਾਣੀ ਦੀ ਸੁਰੱਖਿਆ ਤੇ ਸੰਭਾਲ, ਪੀਣ ਵਾਲੇ ਪਾਣੀ ਦੇ ਸੁਰੱਖਿਅਤ ਭੰਡਾਰਨ, ਸਾਬਣ ਨਾਲ ਹੱਥ ਧੋਣੇ, ਨਿਜੀ ਅਤੇ ਕਮਿਊਨਿਟੀ ਸਾਫ਼-ਸਫ਼ਾਈ 'ਤੇ ਕੇਂਦਰਿਤ ਹੁੰਦੀ ਹੋਈ ਬੱਚਿਆਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰੇਗੀ।