ਦੇਸ਼ 'ਚ ਹੁਣ ਤਕ ਸਾਢੇ 64 ਲੱਖ ਲੋਕ ਹੋਏ ਕੋਰੋਨਾ ਮੁਕਤ, ਐਕਟਿਵ ਕੇਸਾਂ 'ਚ ਆਈ ਕਮੀ
ਦੇਸ਼ 'ਚ ਹੁਣ ਤਕ ਸਾਢੇ 64 ਲੱਖ ਲੋਕ ਹੋਏ ਕੋਰੋਨਾ ਮੁਕਤ, ਐਕਟਿਵ ਕੇਸਾਂ 'ਚ ਆਈ ਕਮੀ
ਨਵੀਂ ਦਿੱਲੀ, 16 ਅਕਤੂਬਰ : ਦੇਸ਼ 'ਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਰੋਜ਼ਾਨਾ ਮਾਮਲਿਆਂ 'ਚ ਹੁਣ ਕਮੀ ਆ ਰਹੀ ਹੈ। ਦੇਸ਼ 'ਚ ਫਿਲਹਾਲ ਸਾਢੇ 64 ਲੱਖ ਤੋਂ ਵੱਧ ਲੋਕ ਕੋਰੋਨਾ ਮੁਕਤ ਹੋ ਚੁੱਕੇ ਹਨ। ਇਸ ਨਾਲ ਹੀ ਦੇਸ਼ 'ਚ ਕੋਰੋਨਾ ਤੋਂ ਦੇ ਮਾਮਲਿਆਂ 'ਚ ਕਮੀ ਆ ਰਹੀ ਹੈ। ਐਕਟਿਵ ਮਾਮਲੇ ਘੱਟ ਕੇ ਕਰੀਬ 8 ਲੱਖ ਦੇ ਕੋਲ ਪਹੁੰਚ ਗਏ ਹਨ। ਪਿਛਲੇ ਕਾਫੀ ਦਿਨਾਂ ਤੋਂ ਕੋਰੋਨਾ ਦੇ ਐਕਟਿਵ ਮਾਮਲਿਆਂ 'ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਦੇ 63 ਹਜ਼ਾਰ 371 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ 'ਚ ਕੋਰੋਨਾ ਨਾਲ 895 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਦੇ ਨਵੇਂ ਮਾਮਲੇ ਆਉਣ ਨਾਲ ਦੇਸ਼ 'ਚ ਹੁਣ ਤਕ ਕੁੱਲ 73 ਲੱਖ 70 ਹਜ਼ਾਰ 469 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ 'ਚੋਂ 64 ਲੱਖ 53 ਹਜ਼ਾਰ 780 ਲੋਕ ਠੀਕ ਹੋ ਚੁੱਕੇ ਹਨ। ਦੇਸ਼ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 12,161 ਹੋ ਗਈ ਹੈ। ਕੋਰੋਨਾ ਦੀ ਰਿਕਵਰੀ ਦਰ 87.56 ਫ਼ੀ ਸਦੀ ਹੋ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਐਕਟਿਵ ਮਾਮਲਿਆਂ 'ਚ ਵੀ ਲਗਾਤਾਰ ਗਿਰਾਵਟ ਹੋ ਰਹੀ ਹੈ। ਬੀਤੇ 24 ਘੰਟਿਆਂ 'ਚ 7,862 ਐਕਟਿਵ ਕੇਸ ਘੱਟ ਹੋਏ ਹਨ। ਦੇਸ਼ ਦੀ ਕੋਰੋਨਾ ਐਕਟਿਵ ਕੇਸਾਂ ਦੀ ਦਰ ਘੱਟ ਕੇ 10.92 ਫ਼ੀ ਸਦੀ ਹੋ ਗਈ ਹੈ। ਦੇਸ਼ 'ਚ ਕੋਰੋਨਾ ਦੀ ਮੌਤ ਦਰ 1.52 ਫ਼ੀ ਸਦੀ ਹੈ।
ਸਿਹਤ ਮੰਤਰਾਲੇ ਨੇ ਕਿਹਾ, ''ਭਾਰਤ ਦੁਨੀਆ ਦੇ ਅਜਿਹੇ ਦੇਸ਼ਾਂ ਵਿਚੋਂ ਇਕ ਹੈ, ਜਿਥੇ ਪ੍ਰਤੀ 10 ਲੱਖ ਦੀ ਆਬਾਦੀ 'ਤੇ ਕੋਵਿਡ 19 ਨਾਲ ਮਰਨ ਵਾਲਿਆਂ ਦੀ ਗਿਣਤੀ ਘੱਟ ਹੈ। ਅਜੇ ਇਹ 80 ਹੈ। (ਪੀਟੀਆਈ)