ਅੱਜ ਦੇ ਅੰਦੋਲਨ ਦਾ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੇ 350 ਸਾਲਾ ਜਨਮ ਦਿਵਸ ਨੂੰ ਕੀਤਾ ਸਮਰਪਤ
ਅੱਜ ਦੇ ਅੰਦੋਲਨ ਦਾ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੇ 350 ਸਾਲਾ ਜਨਮ ਦਿਵਸ ਨੂੰ ਕੀਤਾ ਸਮਰਪਤ
23 ਅਕਤੂਬਰ ਨੂੰ ਬੀਬੀਆਂ ਦੇ ਵੱਡੇ ਇੱਕਠ ਅੰਮ੍ਰਿਤਸਰ ਵਿਚ ਮੋਦੀ, ਅੰਬਾਨੀ, ਅਡਾਨੀ ਦੇ ਪੁਤਲੇ ਫੂਕੇ ਜਾਣਗੇ
ਅੰਮ੍ਰਿਤਸਰ, 16 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਰੇਲ ਰੋਕੋ ਅੰਦੋਲਨ ਅੱਜ 23ਵੇਂ ਦਿਨ ਵਿਚ ਦਾਖ਼ਲ ਹੋ ਗਿਆ। ਦੇਵੀਦਾਸਪੁਰ ਵਿਖੇ ਚੱਲ ਰਹੇ ਰੇਲ ਰੋਕੋ ਅੰਦੋਲਨ ਦਾ ਅੱਜ ਦਾ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 350 ਸਾਲਾ ਜਨਮ ਦਿਵਸ ਨੂੰ ਸਮਰਪਤ ਕੀਤਾ ਗਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਂਦਿਆਂ ਕਾਰਪੋਰੇਟ ਘਰਾਣਿਆਂ ਤੇ ਮੋਦੀ ਵਿਰੁਧ ਤਿੱਖੇ ਸੰਘਰਸ਼ ਕਰਨ ਦਾ ਅਹਿਦ ਲਿਆ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਸੂਬਾ ਜਨ: ਸਕੱਤਰ ਸਰਵਣ ਸਿੰਘ ਪੰਧੇਰ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮਨੰਗਲ ਨੇ ਕਿਹਾ ਕਿ ਹਰਿਆਣੇ ਦੀ ਖੱਟਰ ਸਰਕਾਰ ਵਲੋਂ ਕਿਸਾਨ ਆਗੂਆਂ ਵਿਰੁਧ ਨਾਜ਼ਾਇਜ 302, 307 ਦੇ ਪੁਲਿਸ ਕੇਸ ਦਰਜ ਕੀਤੇ ਗਏ ਹਨ ਜਦਕਿ ਅੰਬਾਲਾ ਵਿਚ ਭਾਜਪਾ ਦੇ ਸਮਰਥਕ ਭਰਥ ਸਿੰਘ 75 ਸਾਲ ਦਾ ਉਸ ਨੂੰ ਹਾਰਟ ਅਟੈਕ ਹੋਇਆ ਤੇ ਉਸ ਦੀ ਟਰੈਕਟਰ ਤੋਂ ਡਿੱਗਣ ਕਾਰਨ ਮੌਤ ਹੋ ਗਈ ਜਿਸਦੀ ਵੀਡੀਉ ਵੀ ਮੌਜੂਦ ਹੈ। ਉਥੋਂ ਦੇ ਕਿਸਾਨਾਂ ਨਾਲ ਕੋਈ ਸਾਰਥਕ ਮੀਟਿੰਗ ਵੀ ਨਹੀਂ ਕੀਤੀ ਗਈ। ਪੰਜਾਬ ਸਰਕਾਰ ਵਲੋਂ ਪੰਜਾਬ ਵਿੱਚ ਚੱਲ ਰਹੇ ਅੰਦੋਲਨਾਂ ਵਿਚ ਸੰਗਰੂਰ, ਬੁਢਲਾਡਾ, ਬਰਨਾਲਾ ਵਿਚ ਹੋਈਆਂ ਸ਼ਹਾਦਤਾਂ ਦਾ ਸਰਕਾਰ ਨੂੰ 20 ਲੱਖ ਰੁਪਏ ਮੁਆਵਜ਼ਾ ਪਰਵਾਰ ਨੂੰ ਦੇਣ ਲਈ ਕਿਹਾ, ਪਰਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ, ਸਰਕਾਰੀ ਤੇ ਗ਼ੈਰ ਸਰਕਾਰੀ ਕਰਜ਼ਾ ਮੁਆਫ਼ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ 23 ਅਕਤੂਬਰ ਨੂੰ ਰਣਜੀਤ ਐਵੀਨਿਉ ਅੰਮ੍ਰਿਤਸਰ ਵਿਖੇ ਬੀਬੀਆਂ ਦਾ ਵੱਡਾ ਇਕੱਠ ਕੀਤਾ ਜਾਵੇਗਾ। ਇਸੇ ਤਰ੍ਹਾਂ ਡੀ.ਸੀ ਦਫ਼ਤਰ ਤਰਨਤਾਰਨ ਨੇੜੇ ਫਿਰੋਜ਼ਪੁਰ, ਜੀਰਾ, ਗੁਰੂਹਰਸਹਾਏ, ਫ਼ਾਜ਼ਿਲਕਾ ਸ਼ਹਿਰ, ਹੁਸ਼ਿਆਰਪੁਰ, ਟਾਂਡਾ ਵਿਖੇ ਮੋਦੀ, ਅੰਬਾਨੀ ਤੇ ਅਡਾਨੀ ਦੇ ਵੱਡੇ ਪੁਤਲੇ ਬਣਾ ਕੇ ਫੂਕੇ ਜਾਣਗੇ।
ਕੈਪਸਨ—ਏ ਐਸ ਆਰ ਬਹੋੜੂ— 16— 3— ਕਿਸਾਨ,ਮਜ਼ਦੂਰ ਤੇ ਬੀਬੀਆਂ ਦੇਵੀਦਾਸਪੁਰ ਸਥਿਤ ਰੇਲਵੇ ਫਾਟਕ ਧਰਨੇ ਚ ਬੈਠੇ ਹੋਏ।