ਮੁਹੰਮਦ ਮੁਸਤਫ਼ਾ ਨੇ ਕੀਤਾ ਵੱਡਾ ਖ਼ੁਲਾਸਾ, ਕੈਪਟਨ 'ਤੇ ਲਗਾਏ ਧਮਕੀਆਂ ਦੇਣ ਦੇ ਇਲਜ਼ਾਮ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਵਿਚਕਾਰ ਲਗਾਤਾਰ ਵਿਰੋਧ ਦੀ ਭਾਵਨਾ ਬਣੀ ਹੋਈ ਹੈ।
ਜੈਂਟਲਮੈਨ ਕਹੇ ਜਾਣ ਵਾਲੇ ਕੈਪਟਨ ਨੇ ਮੈਨੂੰ ਕਈ ਵਾਰ ਧਮਕਾਇਆ
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਵਿਚਕਾਰ ਲਗਾਤਾਰ ਵਿਰੋਧ ਦੀ ਭਾਵਨਾ ਬਣੀ ਹੋਈ ਹੈ। ਇਸ ਦੌਰਾਨ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਟਵੀਟ ਕਰ ਕੇ ਕੈਪਟਨ ਬਾਰੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਕਿੰਨੀ ਵਾਰ ਧਮਕੀਆਂ ਦਿੱਤੀਆਂ ਹਨ।
1. 19 ਮਾਰਚ, 2021: ਮੰਤਰੀ ਰਾਣਾ ਸੋਢੀ ਵਲੋਂ ਰਜ਼ੀਆ ਨੂੰ ਕਿਹਾ, "ਮੁਸਤਫ਼ਾ ਨੂੰ ਲਾਈਨ 'ਤੇ ਰੱਖੋ, ਨਹੀਂ ਤਾਂ ਨਤੀਜੇ ਚੰਗੇ ਨਹੀਂ ਹੋਣਗੇ।"
2. 16 ਮਈ, 2021: ਉਨ੍ਹਾਂ ਦੇ ਓਐਸਡੀ ਸੰਦੀਪ ਸੰਧੂ ਵਲੋਂ ਧਮਕੀ ਦਿੱਤੀ ਗਈ, "ਜੇਕਰ ਉਹ ਨਵਜੋਤ ਸਿੰਘ ਸਿੱਧੂ, ਪਰਗਟ, ਪ੍ਰਤਾਪ ਅਤੇ ਪਾਰਟੀ ਨਾਲ ਜੁੜੇ ਹੋਰ ਲੋਕਾਂ,ਜੋ ਕਿ ਮੇਰੇ (ਕੈਪਟਨ) ਵਿਰੁੱਧ ਹਨ, ਨਾਲੋਂ ਤੁਰੰਤ ਅਲਗ ਨਹੀਂ ਹੁੰਦੇ ਤਾਂ ਮੈਂ ਉਸ ਨੂੰ (ਮੁਸਤਫ਼ਾ) ਨੂੰ ਜੱਟ ਸਟਾਈਲ ਵਿੱਚ ਸੜਕ 'ਤੇ ਘੜੀਸਾਂਗਾ।"
3. 11 ਅਗਸਤ, 2021 ਨੂੰ, ਮੈਂ ਇੰਟਰਵੀਊ ਵਿੱਚ 2022 ਦੀਆਂ ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਦੇਖਣ ਦੀ ਇੱਛਾ ਪ੍ਰਗਟ ਕੀਤੀ ਤਾਂ ਮੰਤਰੀ ਰਾਣਾ ਸੋਢੀ ਦੇ ਪੁੱਤਰ ਹੀਰਾ ਸੋਢੀ ਵਲੋਂ ਮੈਨੂੰ ਧਮਕੀ ਦਿਵਾਈ ਗਈ ਕਿ ,"ਜਾਓ ਅਤੇ ਉਸ ਨੂੰ (ਮੈਨੂੰ) ਦੱਸੋ ਕਿ ਇਹ ਆਖਰੀ ਚਿਤਾਵਨੀ ਹੈ, ਜੇ ਉਹ ਕਦੇ ਵੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਖੜ੍ਹਾ ਹੋਇਆ ਜਾਂ ਕੁਝ ਕਿਹਾ ਤਾਂ ਮੈਂ ਉਸ ਨੂੰ ਉਲਟਾ ਲਟਕਾ ਦੇਵਾਂਗਾ"।
ਇਹ ਸਾਰੀਆਂ ਗਿੱਦੜ ਭਬਕੀਆਂ ਇੱਕ "ਬਦਮਾਸ਼" ਵਲੋਂ ਜ਼ੁਬਾਨੀ ਆਈਆਂ ਸਨ ਜਦਕਿ ਮੇਰੇ ਸ਼ਾਂਤ ਅਤੇ ਤਿਆਰ ਜਵਾਬ ਹਮੇਸ਼ਾਂ ਲਿਖ਼ਤੀ ਰੂਪ ਵਿੱਚ ਹੁੰਦੇ ਸਨ।