ਰੁਪਿਆ ਨਹੀਂ ਕਮਜ਼ੋਰ ਹੋ ਰਿਹਾ ਸਗੋਂ ਡਾਲਰ ਹੋ ਰਿਹੈ ਮਜ਼ਬੂਤ : ਨਿਰਮਲਾ ਸੀਤਾਰਮਨ

ਏਜੰਸੀ

ਖ਼ਬਰਾਂ, ਪੰਜਾਬ

ਰੁਪਿਆ ਨਹੀਂ ਕਮਜ਼ੋਰ ਹੋ ਰਿਹਾ ਸਗੋਂ ਡਾਲਰ ਹੋ ਰਿਹੈ ਮਜ਼ਬੂਤ : ਨਿਰਮਲਾ ਸੀਤਾਰਮਨ

image


ਕਿਹਾ, ਗੈਸ ਬਹੁਤ ਮਹਿੰਗੀ ਹੋਣ ਕਾਰਨ ਕੋਲੇ ਦੀ ਹੋਵੇਗੀ ਮੁੜ ਵਾਪਸੀ


ਵਾਸ਼ਿੰਗਟਨ, 16 ਅਕਤੂਬਰ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਮਰੀਕੀ ਡਾਲਰ ਦੇ ਮੁਕਾਬਲੇ ਇਸ ਸਾਲ ਭਾਰਤੀ ਮੁਦਰਾ ਰੁਪਏ ਵਿਚ ਆਈ ਅੱਠ ਫ਼ੀ ਸਦੀ ਦੀ ਗਿਰਾਵਟ ਨੂੰ  ਜ਼ਿਆਦਾ ਤਵੱਜੋ ਨਾ ਦਿੰਦੇ ਹੋਏ ਕਿਹਾ ਹੈ ਕਿ ਕਮਜ਼ੋਰੀ ਰੁਪਏ ਵਿਚ ਨਹੀਂ ਆਈ ਬਲਕਿ ਡਾਲਰ ਵਿਚ ਮਜ਼ਬੂਤੀ ਆਈ ਹੈ | ਅੰਤਰਰਾਸ਼ਟਰੀ ਮੁਦਰਾ ਫ਼ੰਡ (ਆਈਐਮਐਫ਼) ਅਤੇ ਵਿਸ਼ਵ ਬੈਂਕ ਦੀਆਂ ਸਾਲਾਨਾ ਬੈਠਕਾਂ ਵਿਚ ਸ਼ਾਮਲ ਹੋਣ ਬਾਅਦ ਸੀਤਾਰਮਨ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਭਾਰਤੀ ਅਰਥਵਿਵਸਥਾ ਦੀ ਬੁਨਿਆਦ ਨੂੰ  ਮਜ਼ਬੂਤ ਦਸਦੇ ਹੋਏ ਕਿਹਾ ਕਿ ਅਮਰੀਕੀ ਡਾਲਰ ਦੀ ਮਜ਼ਬੂਤੀ ਦੇ ਬਾਵਜੂਦ ਭਾਰਤੀ ਰੁਪਏ ਵਿਚ ਸਥਿਰਤਾ ਬਣੀ ਹੋਈ ਹੈ | ਇਸ ਨਾਲ ਹੀ ਉਨ੍ਹਾਂ ਕਿਹਾ ਕਿ ਦੁਨੀਆਂ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਭਾਰਤ ਵਿਚ ਮਹਿੰਗਾਈ ਘੱਟ ਹੈ ਅਤੇ ਮੌਜੂਦਾ ਪਧਰ 'ਤੇ ਉਸ ਨਾਲ ਨਜਿੱਠਿਆ ਜਾ ਰਿਹਾ ਹੈ |
ਭਾਰਤ ਦੀ ਮੌਜੂਦਾ ਆਰਥਕ ਸਥਿਤੀ 'ਤੇ ਉਨ੍ਹਾਂ ਕਿਹਾ ਕਿ ਰੁਪਿਆ ਕਮਜ਼ੋਰ ਨਹੀਂ ਹੋ ਰਿਹਾ ਸਗੋਂ ਸਾਨੂੰ ਇਸ ਨੂੰ  ਇਸ ਤਰ੍ਹਾਂ ਦੇਖਣਾ ਚਾਹੀਦਾ ਹੈ ਕਿ ਡਾਲਰ ਮਜਬੂਤ ਹੋ ਰਿਹਾ ਹੈ, ਪਰ ਜੇਕਰ ਅਸੀਂ ਬਾਜ਼ਾਰ ਦੀਆਂ ਹੋਰ ਮੁਦਰਾਵਾਂ 'ਤੇ ਨਜ਼ਰ ਮਾਰੀਏ ਤਾਂ ਰੁਪਿਆ ਡਾਲਰ ਦੇ ਮੁਕਾਬਲੇ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ | ਸੀਤਾਰਮਨ ਨੇ ਕਿਹਾ ਹੈ ਕਿ ਗਲੋਬਲ ਊਰਜਾ ਸੰਕਟ ਦੌਰਾਨ ਗੈਸ ਬਹੁਤ ਮਹਿੰਗੀ ਹੋਣ ਕਾਰਨ ਕੋਲਾ ਵਾਪਸੀ ਕਰਨ ਜਾ ਰਿਹਾ ਹੈ | ਸੀਤਾਰਮਨ ਨੇ ਕਿਹਾ ਕਿ ਪਛਮੀ ਦੁਨੀਆਂ ਦੇ ਦੇਸ਼ ਫਿਰ ਤੋਂ ਕੋਲੇ ਵਲ ਵਧ ਰਹੇ ਹਨ | ਉਹ ਅੰਤਰਰਾਸ਼ਟਰੀ ਮੁਦਰਾ ਫ਼ੰਡ (ਆਈਐਮਐਫ) ਅਤੇ ਵਿਸ਼ਵ ਬੈਂਕ ਦੀਆਂ ਸਾਲਾਨਾ ਮੀਟਿੰਗਾਂ ਵਿਚ ਸ਼ਾਮਲ ਹੋਣ ਲਈ ਅਮਰੀਕਾ ਵਿਚ ਹਨ | ਉਨ੍ਹਾਂ ਇਥੇ ਸਨਿਚਰਵਾਰ ਨੂੰ  ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਪਛਮੀ ਦੁਨੀਆਂ ਦੇ ਦੇਸ਼ ਕੋਲੇ ਵਲ ਵਧ ਰਹੇ ਹਨ | ਆਸਟ੍ਰੀਆ ਪਹਿਲਾਂ ਹੀ ਇਹ ਕਹਿ ਚੁੱਕਾ ਹੈ, ਅਤੇ ਅੱਜ ਉਹ ਕੋਲੇ ਵਲ ਵਾਪਸ ਜਾ ਰਹੇ ਹਨ | ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਪਛਮੀ ਦੇਸ਼ਾਂ ਨੇ ਕਈ ਪਾਬੰਦੀਆਂ ਲਗਾਈਆਂ ਹਨ, ਜਿਨ੍ਹਾਂ ਕਾਰਨ ਯੂਰਪ ਨੂੰ  ਕੁਦਰਤੀ ਗੈਸ ਦੀ ਸਪਲਾਈ ਵਿਚ ਤੇਜ਼ੀ ਨਾਲ ਕਟੌਤੀ ਹੋਈ ਹੈ | ਅਜਿਹੀ ਸਥਿਤੀ ਵਿਚ ਉਨ੍ਹਾਂ ਲਈ ਊਰਜਾ ਦੇ ਬਦਲਵੇਂ ਸਾਧਨਾਂ ਦੀ ਤਲਾਸ਼ ਕਰਨਾ ਜ਼ਰੂਰੀ ਹੋ ਗਿਆ ਹੈ |
ਵਿੱਤ ਮੰਤਰੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਬਰਤਾਨੀਆ ਵਿਚ ਵੀ ਇਕ ਪੁਰਾਣੇ ਥਰਮਲ ਪਾਵਰ ਪਲਾਂਟ ਨੂੰ  ਉਤਪਾਦਨ ਲਈ ਦੁਬਾਰਾ ਬਣਾਇਆ ਜਾ ਰਿਹਾ ਹੈ |  ਸੀਤਾਮਰਨ ਨੇ ਕਿਹਾ, Tਅਸਲ ਵਿਚ ਖੁਦ ਨੂੰ  ਇਕ ਹੀਟਿੰਗ ਯੂਨਿਟ ਲਈ ਦੁਬਾਰਾ ਤਿਆਰ ਕਰ ਰਿਹਾ ਹੈ | ''
 ਇਸ ਤਰ੍ਹਾਂ ਭਾਰਤ ਹੀ ਨਹੀਂ, ਸਗੋਂ ਕਈ ਦੇਸ਼ (ਕੋਲੇ ਵਲ) ਵਾਪਸੀ ਕਰ ਰਹੇ ਹਨ | ਕੋਲਾ ਹੁਣ ਵਾਪਸ ਆਉਣ ਵਾਲਾ ਹੈ, ਕਿਉਂਕਿ ਮੈਨੂੰ ਲਗਦਾ ਹੈ ਕਿ ਗੈਸ ਦਾ ਖ਼ਰਚ ਹੁਣ ਬਰਦਾਸ਼ਤ ਨਹੀਂ ਕੀਤੀ ਜਾ ਸਕਦਾ ਜਾਂ ਗੈਸ ਓਨੀ ਉਪਲੱਬਧ ਨਹੀਂ ਹੈ, ਜਿੰਨੀ ਲੋੜ ਹੈ | ਉਨ੍ਹਾਂ ਕਿਹਾ ਕਿ ਯੂਰਪ ਨੇ ਸਹੀ ਫ਼ੈਸਲਾ ਲਿਆ ਹੈ ਅਤੇ ਜੇਕਰ ਉਨ੍ਹਾਂ ਨੂੰ  ਲੋੜੀਂਦੀ ਗੈਸ ਨਹੀਂ ਮਿਲ ਰਹੀ ਤਾਂ ਹੋਰ ਸਰੋਤਾਂ ਦੀ ਭਾਲ ਕਰਨੀ ਪਵੇਗੀ |  


ਇਸ ਮੌਕੇ ਉਨ੍ਹਾਂ ਕਿਹਾ ਕਿ ਮੈਕਰੋਇਕਨਾਮਿਕਸ ਦੇ ਬੁਨਿਆਦੀ ਤੱਤ ਚੰਗੇ ਹਨ ਅਤੇ ਵਿਦੇਸ਼ੀ ਮੁਦਰਾ ਭੰਡਾਰ ਚੰਗਾ ਹੈ | ਅਸੀਂ ਇਕ ਆਰਾਮਦਾਇਕ ਸਥਿਤੀ ਵਿਚ ਹਾਂ ਅਤੇ ਇਸ ਲਈ ਮੈਂ ਵਾਰ-ਵਾਰ ਮਹਿੰਗਾਈ ਨੂੰ  ਪ੍ਰਬੰਧਨਯੋਗ ਪਧਰ ਤਕ ਦੁਹਰਾਉਂਦੀ ਰਹਿੰਦੀ ਹਾਂ | ਅਸੀਂ ਇਸ ਨੂੰ  ਹੋਰ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ | ਉਨ੍ਹਾਂ ਦੇ ਇਸ ਬਿਆਨ 'ਤੇ ਪੱਤਰਕਾਰ ਨੇ ਉਨ੍ਹਾਂ ਨੂੰ  ਸਵਾਲ ਪੁਛਿਆ ਕਿ ਉਨਤ ਦੇਸ਼ਾਂ ਨੂੰ  ਅਪਣੇ ਰਾਜਨੀਤਕ ਅਤੇ ਆਰਥਕ ਫ਼ੈਸਲਿਆਂ ਦੇ ਵਿਸ਼ਵਵਿਆਪੀ ਪ੍ਰਸਾਰ ਲਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ | ਜਿਸ 'ਤੇ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੈਂ ਇਹ ਗੱਲ ਮੀਟਿੰਗਾਂ ਦੇ ਅੰਦਰ ਕਹੀ ਸੀ ਅਤੇ ਹੋਰ ਵੀ ਬਹੁਤ ਸਾਰੇ ਸਨ, ਸੰਜੋਗ ਨਾਲ ਸਾਰੇ ਦਖਣੀ ਦੇਸ਼ਾਂ ਤੋਂ ਸਨ | ਇਸ ਦੇ ਨਾਲ ਹੀ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ ਵੀ ਜੀ-20 'ਤੇ ਗੱਲਬਾਤ ਕੀਤੀ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮੈਂਬਰਾਂ ਨੇ ਸੁਝਾਅ ਦਿਤਾ ਹੈ ਕਿ ਜੀ-20 ਦੇ ਦੌਰਾਨ ਸਾਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਅਪਣੀਆਂ ਡਿਜੀਟਲ ਪ੍ਰਾਪਤੀਆਂ ਵਿਚ ਕੀ ਕੀਤਾ ਹੈ, ਜਿਵੇਂ ਕਿ ਆਧਾਰ ਜਾਂ ਹੋਰ ਡਿਜੀਟਲ ਐਪਲੀਕੇਸਨਾਂ ਦੇਸ਼ ਵਿਚ ਕਿਵੇਂ ਫੈਲੀਆਂ ਹਨ |     (ਏਜੰਸੀ)