ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਗ੍ਰਿਫ਼ਤਾਰ, BDPO ਦਫ਼ਤਰ 'ਚ ਦਾਖਲ ਹੋ ਕੇ ਬਦਸਲੂਕੀ ਕਰਨ ਦੇ ਦੋਸ਼ 

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਸਵੇਰੇ 5 ਵਜੇ ਘਰੋਂ ਚੁੱਕਿਆ 

Kulbir Singh Zira

ਜ਼ੀਰਾ - ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਫਿਰੋਜ਼ਪੁਰ ਪੁਲਿਸ ਨੇ ਸਵੇਰੇ 5 ਵਜੇ ਗ੍ਰਿਫ਼ਤਾਰ ਕਰ ਲਿਆ ਹੈ। ਫ਼ਿਰੋਜ਼ਪੁਰ ਪੁਲਿਸ ਨੇ ਉਹਨਾਂ ਨੂੰ ਸਵੇਰੇ ਉਸ ਵੇਲੇ ਘਰੋਂ ਚੁੱਕ ਲਿਆ ਜਦੋਂ ਉਹ ਅਜੇ ਸੌਂ ਰਹੇ ਸਨ। ਉਹਨਾਂ ਖ਼ਿਲਾਫ਼ ਬੀਡੀਪੀਓ ਦਫ਼ਤਰ ਵਿਚ ਧਰਨਾ ਦੇਣ ਅਤੇ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਗਈ ਹੈ। ਜ਼ੀਰਾ ਖ਼ੁਦ ਅੱਜ ਰਾਤ 11 ਵਜੇ ਪ੍ਰੈਸ ਕਾਨਫ਼ਰੰਸ ਕਰਕੇ ਗ੍ਰਿਫ਼ਤਾਰੀ ਦਾ ਐਲਾਨ ਕਰਨ ਜਾ ਰਹੇ ਸਨ। 

ਚਾਰ ਦਿਨ ਪਹਿਲਾਂ ਫਿਰੋਜ਼ਪੁਰ 'ਚ ਵਿਧਾਇਕ ਜ਼ੀਰਾ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਸ਼ਿਕਾਇਤ ਅਨੁਸਾਰ ਜ਼ੀਰਾ ਦੇ ਬੀਡੀਪੀਓ ਨੇ ਪੁਲਿਸ ਨੂੰ ਦੱਸਿਆ ਕਿ 11 ਤੋਂ 12 ਅਕਤੂਬਰ ਤੱਕ ਕੁਲਬੀਰ ਸਿੰਘ ਜ਼ੀਰਾ ਨੇ ਉਨ੍ਹਾਂ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਦੌਰਾਨ ਉਹ ਆਪਣੇ ਸਾਥੀਆਂ ਨਾਲ ਦਫ਼ਤਰ ਵਿਚਲੇ ਉਸ ਦੇ ਕਮਰੇ ਵਿਚ ਜ਼ਬਰਦਸਤੀ ਦਾਖ਼ਲ ਹੋ ਗਏ।

ਕਾਂਗਰਸੀ ਆਗੂ ਨੇ ਸਰਕਾਰੀ ਕੰਮ ਵਿਚ ਦਖਲ ਦੇਣ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਨਾਲ ਵੀ ਮਾੜਾ ਵਿਵਹਾਰ ਕੀਤਾ। ਬੀਡੀਪੀਓ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਐਫਆਈਆਰ ਦਰਜ ਹੋਣ ਦੀ ਸੂਚਨਾ ਮਿਲਦਿਆਂ ਹੀ ਕੁਲਬੀਰ ਸਿੰਘ ਜੀਰਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਵੀਡੀਓ ਵੀ ਪੋਸਟ ਕੀਤੀ।

ਜਿਸ ਵਿਚ ਉਨ੍ਹਾਂ ਕਿਹਾ ਕਿ ਉਹ ਆਪਣੇ ਇਲਾਕੇ ਦੇ ਸਰਪੰਚਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਬੀਡੀਪੀਓ ਦਫ਼ਤਰ ਵਿਚ ਚੱਲ ਰਹੇ ਧਰਨੇ ਵਿਚ ਪੁੱਜੇ ਸਨ। ਇਸੇ ਕਾਰਨ ਉਹਨਾਂ ਤੇ ਉਹਨਾਂ ਦੇ ਸਾਥੀਆਂ ਖ਼ਿਲਾਫ਼ ਇਹ ਕੇਸ ਦਰਜ ਕੀਤਾ ਗਿਆ ਸੀ। ਕੁਲਬੀਰ ਜ਼ੀਰਾ ਨੇ ਕਿਹਾ ਸੀ ਕਿ - ਪੰਜਾਬ ਵਿਚ ਬਦਲਾਅ ਲਿਆਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੇ ਇਸ ਫੈਸਲੇ ਦਾ ਮੈਂ ਸਵਾਗਤ ਕਰਦਾ ਹਾਂ। 17 ਅਕਤੂਬਰ ਨੂੰ ਦੁਪਹਿਰ 12 ਵਜੇ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਫ਼ਿਰੋਜ਼ਪੁਰ ਵਿਖੇ ਮੱਥਾ ਟੇਕਣਗੇ। ਉਸ ਤੋਂ ਬਾਅਦ ਮੈਂ ਪੰਜਾਬ ਦੀ 18 ਮਹੀਨੇ ਪੁਰਾਣੀ 'ਆਪ' ਸਰਕਾਰ ਦੇ ਵਿਧਾਇਕਾਂ ਅਤੇ ਅਧਿਕਾਰੀਆਂ ਖਿਲਾਫ਼ ਸਬੂਤ ਜਨਤਕ ਕਰਕੇ ਅਪਣੀ ਗ੍ਰਿਫ਼ਤਾਰੀ ਦੇਵਾਂਗਾ ਪਰ ਇਸ ਪ੍ਰੈਸ ਕਾਨਫ਼ਰੰਸ ਤੋਂ ਪਹਿਲਾਂ ਹੀ ਉਹਨਾਂ ਨੂੰ ਸਵੇਰੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਹੈ।