ਸਾਬਕਾ ਕਾਂਗਰਸੀ ਵਿਧਾਇਕ ਜ਼ੀਰਾ ਗ੍ਰਿਫ਼ਤਾਰ, ਨਿਆਂਇਕ ਹਿਰਾਸਤ 'ਚ ਭੇਜਿਆ

ਏਜੰਸੀ

ਖ਼ਬਰਾਂ, ਪੰਜਾਬ

ਤਲਵੰਡੀ ਵਿਚ ਸਮਰਥਕਾਂ ਨੇ ਪੁਲਿਸ ਕਾਫ਼ਲੇ ਦਾ ਘਿਰਾਓ ਕੀਤਾ  

Kulbir Singh Zira

ਫਿਰੋਜ਼ਪੁਰ - ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਫਿਰੋਜ਼ਪੁਰ ਪੁਲਿਸ ਨੇ ਸਵੇਰੇ 5 ਵਜੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਹਨਾਂ ਨੂੰ ਘਰੋਂ ਚੁੱਕ ਲਿਆ ਸੀ। ਇਸ ਤੋਂ ਬਾਅਦ ਜ਼ੀਰਾ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਬੀਡੀਪੀਓ ਦਫ਼ਤਰ ਵਿਚ ਧਰਨਾ ਦੇਣ ਅਤੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਜੀਰਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। 

ਇਸ ਦੇ ਨਾਲ ਹੀ ਜ਼ੀਰਾ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਸਮਰਥਕਾਂ ਨੇ ਹਾਈਵੇਅ 'ਤੇ ਪ੍ਰਦਰਸ਼ਨ ਕੀਤਾ। ਕੁਲਬੀਰ ਜ਼ੀਰਾ ਨੂੰ ਫ਼ਿਰੋਜ਼ਪੁਰ ਤੋਂ ਰੋਪੜ ਜੇਲ੍ਹ ਲਿਜਾਂਦੇ ਸਮੇਂ ਤਲਵੰਡੀ ਵਿਖੇ ਪੁਲਿਸ ਕਾਫ਼ਲੇ ਨੂੰ ਰੋਕਿਆ ਵੀ ਗਿਆ। ਸਾਬਕਾ ਵਿਧਾਇਕ ਜੀਰਾ ਨੇ ਕਿਹਾ ਕਿ ਉਹ ਸਰਕਾਰ ਅਤੇ ਸਥਾਨਕ ਵਿਧਾਇਕ ਖ਼ਿਲਾਫ਼ ਹਾਈ ਕੋਰਟ ਤੱਕ ਪਹੁੰਚ ਕਰਨਗੇ।  

ਵਿਧਾਇਕ ਨੇ ਕਿਹਾ ਕਿ ਅੱਜ ਦੀ ਪ੍ਰੈਸ ਕਾਨਫਰੰਸ ਵਿਚ ਉਹ ਫ਼ਿਰੋਜ਼ਪੁਰ ਦੇ ਐਸਐਸਪੀ ਦੀ ਨੱਕ ਹੇਠ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਬਾਰੇ ਖੁਲਾਸਾ ਕਰਨ ਜਾ ਰਹੇ ਸਨ ਅਤੇ ਕਿੱਥੇ ਰੇਤ ਦੀ ਨਾਜਾਇਜ਼ ਵਿਕਰੀ ਹੋ ਰਹੀ ਹੈ ਅਤੇ ਕਿਸ ਦੇ ਕਹਿਣ ’ਤੇ ਅਜਿਹਾ ਹੋ ਰਿਹਾ ਹੈ। ਇਸੇ ਡਰ ਕਾਰਨ ਉਹਨਾਂ ਨੂੰ ਸਵੇਰੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।    

ਚਾਰ ਦਿਨ ਪਹਿਲਾਂ ਫਿਰੋਜ਼ਪੁਰ 'ਚ ਵਿਧਾਇਕ ਜ਼ੀਰਾ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਜ਼ੀਰਾ ਖੁਦ ਅੱਜ ਦੁਪਹਿਰ 12 ਵਜੇ ਪ੍ਰੈਸ ਕਾਨਫਰੰਸ ਕਰਕੇ ਗ੍ਰਿਫ਼ਤਾਰੀ ਦਾ ਐਲਾਨ ਕਰਨ ਜਾ ਰਹੇ ਸਨ ਪਰ ਉਹਨਾਂ ਨੂੰ ਸਵੇਰੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।