ਜਲੰਧਰ ’ਚ ਗੋਲੀਆਂ ਮਾਰ ਕੇ ਮਾਂ-ਧੀ ਦੀ ਹਤਿਆ; ਵਿਦੇਸ਼ ਬੈਠੇ ਜਵਾਈ ਨੇ ਸੁਪਾਰੀ ਦੇ ਕੇ ਕਰਵਾਇਆ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਤਲ ਮਗਰੋਂ ਤੇਲ ਪਾ ਕੇ ਸਾੜਨ ਦੀ ਕੀਤੀ ਕੋਸ਼ਿਸ਼

Mother and daughter killed by shooting in Jalandhar

 

ਜਲੰਧਰ: ਜ਼ਿਲ੍ਹੇ ਦੇ ਪਤਾਰਾ ਇਲਾਕੇ 'ਚ ਪੈਂਦੇ ਪਿੰਡ ਭੁਜਬਲ ਨਾਲ ਲੱਗਦੇ ਅਮਰ ਨਗਰ 'ਚ ਦੋ ਬਾਈਕ ਸਵਾਰ ਨੌਜਵਾਨਾਂ ਵਲੋਂ ਮਾਂ-ਧੀ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਪ੍ਰਵਾਰ ਨੇ ਅਮਰੀਕਾ ਰਹਿੰਦੇ ਜਵਾਈ 'ਤੇ ਸੁਪਾਰੀ ਦੇ ਕੇ ਕਤਲ ਕਰਵਾਉਣ ਦਾ ਇਲਜ਼ਾਮ ਲਗਾਇਆ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਦਾ ਮਾਹੌਲ ਬਣ ਗਿਆ। ਜਲੰਧਰ ਦਿਤਾਹੀ ਦੇ ਐਸ.ਐਸ.ਪੀ. ਮੁਖਵਿੰਦਰ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਟੀਮ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਸੀ। ਮ੍ਰਿਤਕਾ ਦੀ ਪਛਾਣ ਰਣਜੀਤ ਕੌਰ (ਮਾਂ) ਅਤੇ ਗੁਰਪ੍ਰੀਤ ਕੌਰ (ਧੀ) ਵਾਸੀ ਅਮਰ ਨਗਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਸਾਬਕਾ ਕਾਂਗਰਸੀ ਵਿਧਾਇਕ ਜ਼ੀਰਾ ਗ੍ਰਿਫ਼ਤਾਰ, ਨਿਆਂਇਕ ਹਿਰਾਸਤ 'ਚ ਭੇਜਿਆ 

CCTV Footage

ਪੁਲਿਸ ਨੇ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਸਵੇਰੇ ਵਾਪਰੀ। ਜਦੋਂ ਅਣਪਛਾਤੇ ਹਮਲਾਵਰਾਂ ਨੇ ਆ ਕੇ ਜਗਤਾਰ ਦੀ ਪਤਨੀ ਅਤੇ ਉਸ ਦੀ ਬੇਟੀ ਨੂੰ ਗੋਲੀ ਮਾਰ ਦਿਤੀ। ਇਸ ਘਟਨਾ 'ਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਪੈਟਰੋਲ ਪਾ ਕੇ ਲਾਸ਼ ਨੂੰ ਸਾੜ ਦਿਤਾ ਸੀ। ਇਸ ਦੇ ਨਾਲ ਹੀ ਪ੍ਰਵਾਰਕ ਮੈਂਬਰਾਂ ਮੁਤਾਬਕ ਲੜਕੀ ਦਾ ਵਿਆਹ ਕਰੀਬ 4 ਸਾਲ ਪਹਿਲਾਂ ਹੋਇਆ ਸੀ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਦੋਵਾਂ ਦਾ ਇਕ ਬੱਚਾ ਵੀ ਹੈ।

ਇਹ ਵੀ ਪੜ੍ਹੋ: ਟਰਾਈਡੈਂਟ ਅਤੇ ਕ੍ਰਿਮਿਕਾ ਗਰੁੱਪ 'ਤੇ IT ਦਾ ਛਾਪਾ: ਇਨਕਮ ਟੈਕਸ ਵਿਭਾਗ ਦੀਆਂ 35 ਟੀਮਾਂ ਪਹੁੰਚੀਆਂ ਲੁਧਿਆਣਾ 

ਜਗਤਾਰ ਸਿੰਘ ਦਾ ਇਲਜ਼ਾਮ ਹੈ ਕਿ ਮੁਲਜ਼ਮਾਂ ਨੇ ਜਾਣ ਤੋਂ ਪਹਿਲਾਂ ਉਸ ਦੀ ਪਤਨੀ ਦੀ ਲਾਸ਼ ਨੂੰ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਉਸ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਇਹ ਹਮਲਾ ਉਸ ਦੇ ਅਮਰੀਕਾ ਰਹਿੰਦੇ ਜਵਾਈ ਨੇ ਕਰਵਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਫਿਲਹਾਲ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰੇ ਅਪਣੇ ਕਬਜ਼ੇ ਵਿਚ ਲੈ ਲਏ ਹਨ।  ਪੁਲਿਸ ਨੇ ਇਕ ਦੋਸ਼ੀ ਦੀ ਪਛਾਣ ਕਰ ਲਈ ਹੈ। ਇਨ੍ਹਾਂ ਵਿਚ ਇਕ ਵਿਅਕਤੀ ਦਾ ਮੂੰਹ ਬੰਨਿਆ ਹੋਇਆ ਸੀ, ਉਸ ਦੀ ਪਛਾਣ ਨਹੀਂ ਹੋ ਸਕਦੀ। ਜਦਕਿ ਦੂਜੇ ਵਿਅਕਤੀ ਦੀ ਪਛਾਣ ਕਰਨਜੀਤ ਸਿੰਘ ਉਰਫ ਜੱਸਾ ਪੁੱਤਰ ਸੁਰਿੰਦਰ ਸਿੰਘ ਵਾਸੀ ਹੋਪੋਵਾਲ ਥਾਣਾ ਭੰਡਾ, ਜ਼ਿਲ੍ਹਾ ਨਵਾਂ ਸ਼ਹਿਰ ਵਜੋਂ ਹੋਈ ਹੈ।