ਫ਼ਿਰੋਜ਼ਪੁਰ 'ਚ ਨਸ਼ਾ ਤਸਕਰ ਪੂਰਨ ਸਿੰਘ ਦੀ ਜਾਇਦਾਦ ਜ਼ਬਤ, ਨਸ਼ਾ ਤਸਕਰੀ ਨਾਲ ਬਣਾਇਆ 16.89 ਲੱਖ ਰੁਪਏ ਦਾ ਮਕਾਨ ਸੀਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਹੁਣ ਤਸਕਰ ਨਾ ਤਾਂ ਘਰ ਵੇਚ ਸਕੇਗਾ ਅਤੇ ਨਾ ਹੀ ਕਿਸੇ ਦੇ ਨਾਂ 'ਤੇ ਟਰਾਂਸਫਰ ਕਰ ਸਕੇਗਾ।      

File Photo

ਫਿਰੋਜ਼ਪੁਰ - ਫ਼ਿਰੋਜ਼ਪੁਰ ਵਿਚ ਪੁਲਿਸ ਨੇ ਇੱਕ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਨਸ਼ਾ ਤਸਕਰ ਪੂਰਨ ਸਿੰਘ ਵਾਸੀ ਪਿੰਡ ਲੱਖਾ ਸਿੰਘ ਹੈ। ਜਿਸ ਦਾ 1,410 ਵਰਗ ਫੁੱਟ ਦਾ ਮਕਾਨ ਜ਼ਬਤ ਕੀਤਾ ਗਿਆ ਹੈ। ਇਸ ਘਰ ਦੀ ਕੀਮਤ 16.89 ਲੱਖ ਰੁਪਏ ਹੈ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਹੁਣ ਤਸਕਰ ਨਾ ਤਾਂ ਘਰ ਵੇਚ ਸਕੇਗਾ ਅਤੇ ਨਾ ਹੀ ਕਿਸੇ ਦੇ ਨਾਂ 'ਤੇ ਟਰਾਂਸਫਰ ਕਰ ਸਕੇਗਾ।      

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਹੁਣ ਤੱਕ ਕੁੱਲ 11 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਐਨਡੀਪੀਐਸ ਐਕਟ 1985 ਤਹਿਤ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਜਾਇਦਾਦਾਂ ਦੀ ਕੁੱਲ ਕੀਮਤ 4 ਕਰੋੜ 30 ਲੱਖ 31 ਹਜ਼ਾਰ 713 ਰੁਪਏ ਬਣਦੀ ਹੈ। ਜ਼ਿਲ੍ਹੇ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਕੁੱਲ 19 ਨਸ਼ਾ ਤਸਕਰਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਨੇ ਨਸ਼ਾ ਤਸਕਰੀ ਕਰ ਕੇ ਜਾਇਦਾਦਾਂ ਬਣਾਈਆਂ ਹਨ। ਇਨ੍ਹਾਂ ਵਿਚੋਂ 11 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜਿਨ੍ਹਾਂ ਵਿਚ ਮਕਾਨ, ਵਪਾਰਕ ਅਦਾਰੇ ਅਤੇ ਖੇਤ ਸ਼ਾਮਲ ਹਨ, ਜਿਨ੍ਹਾਂ ’ਤੇ ਜ਼ਬਤ ਜਾਂ ਫਰੀਜ਼ ਕਰਨ ਦੇ ਨੋਟਿਸ ਚਿਪਕਾਏ ਗਏ ਹਨ।