MP ਸੁਖਜਿੰਦਰ ਸਿੰਘ ਰੰਧਾਵਾ ਨੇ DGP ਪੰਜਾਬ ਨੂੰ ਲਿਖੀ ਚਿੱਠੀ, ਵਿਰਸਾ ਸਿੰਘ ਵਲਟੋਹਾ ਤੇ SAD ਪ੍ਰਧਾਨ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕੀਤੀ ਮੰਗ
ਵਿਰਸਾ ਸਿੰਘ ਵਲਟੋਹਾ ਤੇ SAD ਪ੍ਰਧਾਨ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕੀਤੀ ਮੰਗ
MP Sukhjinder Singh Randhawa wrote a letter to DGP Punjab: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਦੇ ਹੱਕ ਵਿੱਚ ਨਿਤਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ, ਵਿਰਸਾ ਸਿੰਘ ਵਲਟੋਹਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਆਈਟੀ ਵਿੰਗ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਲਈ ਡੀਜੀਪੀ ਪੰਜਾਬ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਡੀਜੀਪੀ ਪੰਜਾਬ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਬਣਦੀ ਕਾਰਵਾਈ ਕਰਨਗੇ। ਅੱਜ ਸਮੁੱਚੀ ਨਾਨਕ ਨਾਮ ਲੇਵਾ ਸਿੱਖ ਸੰਗਤ ਤੁਹਾਡੇ ਵੱਲ ਵੇਖ ਰਹੀ ਹੈ ਕਿ ਤੁਸੀ ਕੀ ਕਾਰਵਾਈ ਕਰਦੇ ਹੋ?
ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰ ਵਿਚ ਲਿਖਿਆ ਕਿ ਜੋ ਸ਼ਬਦ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵਿਰੁੱਧ ਵਰਤੇ ਗਏ ਨੇ ਉਹ ਕਾਫੀ ਅਪਮਾਨਜਨਕ ਹਨ। ਉਨਾਂ ਵਿਰੁੱਧ ਜਾਤੀ ਸੂਚਕ ਸ਼ਬਦ ਵਰਤਣਾ ਅਤੇ ਉਹਨਾਂ ਦੀਆਂ ਧੀਆਂ ਬਾਰੇ ਮੰਦੇ ਸ਼ਬਦ ਬੋਲਣਾ ਸਿੱਖ ਕੌਮ ਨੂੰ ਕਦੇ ਵੀ ਪ੍ਰਵਾਣਿਤ ਨਹੀਂ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਭਰੇ ਮਨ ਨਾਲ ਜਜ਼ਬਾਤੀ ਹੋ ਕੇ ਮੀਡੀਆ ਵਿੱਚ ਰੂਬਰੂ ਹੋ ਕੇ ਦੱਸਿਆ ਕਿ ਜਿਸ ਨਾਲ ਇਕੱਲਾ ਮੇਰਾ ਹੀ ਨਹੀਂ ਸਮੁੱਚੀ ਸਿੱਖ ਕੌਮ ਦਾ ਹਿਰਦਾ ਧੁਰ ਅੰਦਰ ਤੱਕ ਵਲੂੰਧਰਿਆ ਗਿਆ।
ਉਨ੍ਹਾਂ ਅੱਗੇ ਲਿਖਿਆ ਕਿ ਜ਼ਿਕਰਯੋਗ ਹੈ ਕਿ ਇਸ ਸ਼ੋਸ਼ਲ ਮੀਡੀਆ ਦੇ ਆਈ ਟੀ ਵਿੰਗ ਦੀ ਕਮਾਂਡ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਦੇ ਹੱਥਾਂ ਵਿੱਚ ਹੈ। ਮੈਂ ਇੱਕ ਨਿਮਾਣਾ ਗੁਰੂ ਦਾ ਸਿੱਖ ਹੋਣ ਦੇ ਨਾਤੇ, ਭਾਵੇਂ ਇੱਕ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦਾ ਹਾਂ ਪਰ ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਤੇ ਸਿੱਖ ਕੌਮ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਿਪਤ ਹਾਂ। ਮੈਂ ਵੀ ਧੀਆਂ ਦਾ ਬਾਪ ਹਾਂ।
ਮੇਰੇ ਕੋਲੋਂ ਕੱਲ੍ਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੋਲੇ ਲਫ਼ਜ਼ ਸਹਿਣ ਨਹੀਂ ਹੋਏ ਤੇ ਸਾਰੀ ਰਾਤ ਬੇਚੈਨੀ ਵਿੱਚ ਗੁ਼ਜ਼ਾਰਣ ਤੋਂ ਬਾਅਦ ਇਹ ਪੱਤਰ ਲਿਖ ਰਿਹਾ ਹਾਂ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਿਆਨਾਂ ਅਨੁਸਾਰ ਕਾਨੂੰਨੀ ਤੌਰ 'ਤੇ ਬਣਦੀਆਂ ਧਾਰਾਵਾਂ ਅਨੁਸਾਰ ਵਿਰਸਾ ਵਲਟੋਹਾ, ਅਕਾਲੀ ਦਲ ਆਈ ਟੀ ਵਿੰਗ ਅਤੇ ਅਕਾਲੀ ਸੁਪਰੀਮੋ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਮੈਂ ਡੀਜੀਪੀ ਜੀ ਨਿਮਰਤਾ ਸਾਹਿਤ ਬੇਨਤੀ ਕਰਦਾ ਹਾਂ ਕਿ ਇਸ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਨੂੰ ਰਾਜਨੀਤੀ ਤੋਂ ਪਰੇ ਰੱਖਕੇ ਸਹੀ ਤੇ ਉਚਿਤ ਕਾਰਵਾਈ ਕੀਤੀ ਜਾਵੇ । ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਉਹਨਾਂ ਸਾਰੇ ਛੋਟੇ ਤੇ ਵੱਡੇ ਆਗੂਆਂ ਵਿਰੁੱਧ ਬਣਦੀ ਕਾਰਵਾਈ ਜ਼ਰੂਰ ਕਰੋਗੇ ।