ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੇ ਸਕੂਲਾਂ ਦੇ ਬੱਚਿਆਂ ਨੂੰ ਕੀਤੀ ਅਪੀਲ, 'ਪ੍ਰਦੂਸ਼ਣ ਮੁਕਤ ਦਿਵਾਲੀ ਮਨਾਓ'
ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਨੇ ਦਿੱਤਾ ਸੁਨੇਹਾ – ਵਾਤਾਵਰਨ ਦੀ ਰਾਖੀ ਲਈ ਪਟਾਖਿਆਂ ਤੋਂ ਬਚੋ।
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਵੱਲੋਂ ਐਸ.ਜੀ.ਪੀ.ਸੀ. ਅਧੀਨ ਆਉਂਦੇ ਸਾਰੇ ਸਿੱਖਿਆ ਸੰਸਥਾਨਾਂ ਨੂੰ ਅਪੀਲ ਕੀਤੀ ਗਈ ਹੈ, ਕਿ ਇਸ ਵਾਰ ਦੀ ਦਿਵਾਲੀ ਪ੍ਰਦੂਸ਼ਣ ਮੁਕਤ ਢੰਗ ਨਾਲ ਮਨਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਕਿ ਪਟਾਖਿਆਂ ਦੀ ਵਰਤੋਂ ਨਾ ਕਰਨ ਦੇ ਫੈਸਲੇ ਨਾਲ ਅਸੀਂ ਆਪਣੇ ਵਾਤਾਵਰਨ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਸਕੱਤਰ ਸੁਖਮਿੰਦਰ ਸਿੰਘ ਨੇ ਕਿਹਾ ਕਿ ਹਰ ਸਾਲ ਦਿਵਾਲੀ ਦੌਰਾਨ ਪ੍ਰਦੂਸ਼ਣ ਵਿੱਚ ਵਾਧਾ ਹੋ ਰਿਹਾ ਹੈ। ਜਿਸ ਕਰਕੇ ਹਵਾ ਦੀ ਗੁਣਵੱਤਾ ਖਰਾਬ ਹੋ ਰਹੀ ਹੈ ਅਤੇ ਆਕਾਸ਼ ਵਿੱਚ ਧੁੰਦਲਾਪਣ ਛਾ ਜਾਂਦਾ ਹੈ।
ਇਸ ਨਾਲ ਨਾਂ ਸਿਰਫ ਮਨੁੱਖੀ ਸਿਹਤ ਨੂੰ ਨੁਕਸਾਨ ਹੁੰਦਾ ਹੈ, ਸਗੋਂ ਪਸ਼ੂ, ਪੰਛੀਆਂ ਅਤੇ ਪ੍ਰਕ੍ਰਿਤੀ ਵੀ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਿੱਖ ਹੋਣ ਦੇ ਨਾਤੇ ਸਾਫ-ਸੁਥਰੇ ਵਾਤਾਵਰਨ ਦੀ ਸੰਭਾਲ ਲਈ ਜ਼ਿੰਮੇਵਾਰ ਹਾਂ।ਉਨ੍ਹਾਂ ਅਪੀਲ ਕੀਤੀ ਕਿ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਚੇਤ ਕੀਤਾ ਜਾਵੇ ਕਿ ਉਹ ਘਰਾਂ ਵਿੱਚ ਆਪਣੇ ਮਾਪਿਆਂ ਅਤੇ ਸਮਾਜਕ ਵਰਤਾਰੇ ਵਿੱਚ ਲੋਕਾਂ ਨੂੰ ਵੀ ਦੱਸਣ ਕਿ ਪਟਾਖਿਆਂ ਦੀ ਥਾਂ ਦੀਵੇ ਜਗਾਏ ਜਾਣ,ਘਰ ਸਜਾਏ ਜਾਣ ਅਤੇ ਪ੍ਰਕਾਸ਼ ਦਾ ਇਹ ਤਿਉਹਾਰ ਸ਼ਾਂਤਮਈ ਢੰਗ ਨਾਲ ਮਨਾਇਆ ਜਾਵੇ।ਸਕੱਤਰ ਸੁਖਮਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਕੀਤਾ ਜਾ ਸਕੇ।