ਹਾਥਰਸ ਕਾਂਡ: ਕੇਰਲ ਦੇ ਪੱਤਰਕਾਰ ਦੀ ਗ੍ਰਿਫ਼ਤਾਰੀ 'ਤੇ ਯੂਪੀ ਸਰਕਾਰ ਨੂੰ ਸੁਪਰੀਮ ਕੋਰਟ ਦਾ ਨੋਟਿਸ

ਏਜੰਸੀ

ਖ਼ਬਰਾਂ, ਪੰਜਾਬ

ਹਾਥਰਸ ਕਾਂਡ: ਕੇਰਲ ਦੇ ਪੱਤਰਕਾਰ ਦੀ ਗ੍ਰਿਫ਼ਤਾਰੀ 'ਤੇ ਯੂਪੀ ਸਰਕਾਰ ਨੂੰ ਸੁਪਰੀਮ ਕੋਰਟ ਦਾ ਨੋਟਿਸ

image

ਨਵੀਂ ਦਿੱਲੀ, 16 ਨਵੰਬਰ: ਸੁਪਰੀਮ ਕੋਰਟ ਨੇ ਯੂਪੀ ਦੇ ਹਾਥਰਸ ਕਾਂਡ ਦੀ ਪੀੜਤਾ ਦੇ ਘਰ ਜਾ ਰਹੇ ਕੇਰਲ ਦੇ ਪੱਤਰਕਾਰ ਸਿਦਿੱਕੀ ਕੱਪਨ ਦੀ ਗ੍ਰਿਫ਼ਤਾਰੀ ਦੇ ਮਾਮਲੇ ਵਿਚ ਯੂਪੀ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸਿੱਦੀਕੀ ਵਲੋਂ ਬਹਿਸ ਕਰਦਿਆਂ ਕਿਹਾ ਕਿ ਐਫ਼ਆਈਆਰ ਵਿਚ ਉਸ ਵਿਰੁਧ ਕੋਈ ਜੁਰਮ ਨਹੀਂ ਦਸਿਆ ਗਿਆ ਹੈ। ਉਹ 5 ਅਕਤੂਬਰ ਤੋਂ ਜੇਲ ਵਿਚ ਹੈ। ਜਦੋਂ ਅਸੀਂ ਮੈਜਿਸਟਰੇਟ ਕੋਲ ਪੱਤਰਕਾਰ ਨੂੰ ਮਿਲਣ ਦੀ ਇਜਾਜ਼ਤ ਲੈਣ ਗਏ ਤਾਂ ਉਨ੍ਹਾਂ ਕਿਹਾ ਕਿ ਜੇਲ ਜਾਓ।
ਸਿੱਬਲ ਨੂੰ ਪੁੱਛਿਆ- ਸਿੱਧੇ ਸੁਪਰੀਮ ਕੋਰਟ ਵਿਚ ਕਿਉਂ ਆਏ?: ਦਸਣਯੋਗ ਹੈ ਕਿ ਹਾਥਰਸ ਵਿਚ ਇਕ ਦਲਿਤ ਲੜਕੀ ਨਾਲ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਦੀ ਇਕ ਘਟਨਾ ਵਾਪਰੀ ਸੀ ਅਤੇ ਬਾਅਦ ਵਿਚ ਉਸ ਦੀ ਮੌਤ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਹੋਈ। ਸੋਮਵਾਰ ਨੂੰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਸ.ਏ. ਬੋਬੜੇ, ਜਸਟਿਸ ਏ ਐਸ ਬੋਪੰਨਾ ਅਤੇ ਜਸਟਿਸ ਵੀ. ਰਾਮਸੂਬਰਾਮਨੀਅਮ ਦੇ ਬੈਂਚ ਨੇ ਕੇਰਲਾ ਯੂਨੀਅਨ ਦੇ ਕਾਰਜਕਾਰੀ ਪੱਤਰਕਾਰਾਂ ਲਈ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਤੋਂ ਇਹ ਜਾਣਨ ਦੀ ਮੰਗ ਕੀਤੀ ਕਿ ਉਹ ਇਲਾਹਾਬਾਦ ਹਾਈ ਕੋਰਟ ਜਾਣ ਦੀ ਬਜਾਏ ਇਥੇ ਕਿਉਂ ਆਏ। ਸਿੱਬਲ ਨੇ ਸੁਪਰੀਮ ਕੋਰਟ ਨੂੰ ਪੱਤਰਕਾਰ ਕੱਪਨ ਨੂੰ ਜ਼ਮਾਨਤ ਦੇਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਉਸ ਵਿਰੁਧ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਐਫ਼ਆਈਆਰ ਵਿਚ ਉਸ ਦਾ ਨਾਮ ਨਹੀਂ ਹੈ। ਕਿਸੇ ਤਰ੍ਹਾਂ ਦੇ ਅਪਰਾਧ ਦਾ ਦੋਸ਼ ਨਹੀਂ ਹੈ। ਉਹ 5 ਅਕਤੂਬਰ ਤੋਂ ਜੇਲ ਵਿਚ ਹੈ। ਸ਼ੁਕਰਵਾਰ ਨੂੰ ਹੋਵੇਗੀ ਸੁਣਵਾਈ : ਸਿੱਬਲ ਦੀਆਂ ਦਲੀਲਾਂ ਸੁਣਦਿਆਂ ਬੈਂਚ ਨੇ ਕਿਹਾ ਕਿ ਅਸੀਂ ਨੋਟਿਸ ਜਾਰੀ ਕਰਾਂਗੇ। ਸ਼ੁਕਰਵਾਰ ਨੂੰ ਇਸ ਮਾਮਲੇ ਦੀ ਸੂਚੀ ਬਣਾਉ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਇਸ ਪਟੀਸ਼ਨ 'ਤੇ ਚਾਰ ਹਫ਼ਤਿਆਂ ਬਾਅਦ ਸੁਣਵਾਈ ਕਰੇਗੀ ਅਤੇ ਪੱਤਰਕਾਰ ਐਸੋਸੀਏਸ਼ਨ ਰਾਹਤ ਲਈ ਇਲਾਹਾਬਾਦ ਹਾਈ ਕੋਰਟ ਪਹੁੰਚ ਸਕਦੀ ਹੈ।  (ਏਜੰਸੀ)