ਏਕਤਾ ਉਗਰਾਹਾਂ ਵਲੋਂ CM ਚੰਨੀ ਨਾਲ ਮੁਲਾਕਾਤ,ਕਿਸਾਨੀ ਮੰਗਾਂ 'ਤੇ ਬਣੀ ਸਹਿਮਤੀ
ਸਰਕਾਰ ਨੇ ਭਰੋਸਾ ਦਿਵਾਇਆ ਹੈ ਕਿ 75-100 ਫ਼ੀਸਦ ਨੁਕਸਾਨੀ ਨਰਮੇ ਦੀ ਫ਼ਸਲ ਲਈ ਪ੍ਰਤੀ ਏਕੜ 17 ਹਜ਼ਾਰ ਰੁਪਏ ਦਿਤੇ ਜਾਣਗੇ।
ਚੰਡੀਗੜ੍ਹ : ਅੱਜ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ CM ਨਾਲ ਕਿਸਾਨਾਂ ਦੀ ਮੁਖ ਚਾਰ ਮੰਗਾਂ ਨੂੰ ਲੈ ਕੇ ਅੱਜ ਮੀਟਿੰਗ ਸੀ ਜਿਸ ਵਿਚ ਮਾਲਵਾ ਖੇਤਰ ਵਿਚ ਨਰਮੇ ਦੀ ਨੁਕਸਾਨੀ ਫ਼ਸਲ ਬਾਰੇ ਗੱਲਬਾਤ ਕੀਤੀ ਗਈ ਅਤੇ ਸਰਕਾਰ ਨੇ ਭਰੋਸਾ ਦਿਵਾਇਆ ਹੈ ਕਿ 75-100 ਫ਼ੀਸਦ ਨੁਕਸਾਨੀ ਨਰਮੇ ਦੀ ਫ਼ਸਲ ਲਈ ਪ੍ਰਤੀ ਏਕੜ 17 ਹਜ਼ਾਰ ਰੁਪਏ ਦਿਤੇ ਜਾਣਗੇ। ਇਸ ਵਿਚ 10% ਮਜ਼ਦੂਰਾਂ ਨੂੰ ਚੁਗਾਈ ਦੇ ਦਿਤੇ ਜਾਣਗੇ।
ਕਿਸਾਨਾਂ ਦੀ ਦੂਜੀ ਮੰਗ ਦਿੱਲੀ ਵਿਖੇ ਸ਼ਹੀਦ ਹੋਈਆਂ ਬੀਬੀਆਂ ਨੂੰ 10 ਲੱਖ ਰੁਪਏ ਸਹਾਇਤਾ ਦੇਣ ਦੀ ਸੀ ਜੋ ਸਰਕਾਰ ਨੇ ਪ੍ਰਵਾਨ ਕਰ ਲਈ ਹੈ। ਦੱਸ ਦੇਈਏ ਕਿ ਉਸ ਮੌਕੇ ਜ਼ਖ਼ਮੀ ਹੋਈ ਇੱਕ ਬੀਬੀ PGI ਵਿਚ ਜ਼ੇਰੇ ਇਲਾਜ ਹੈ, ਉਸ ਦੇ ਇਲਾਜ ਲਈ ਪੰਜਾਬ ਸਰਕਾਰ ਵਲੋਂ 3 ਲੱਖ ਦੀ ਸਹਾਇਤਾ ਦਿਤੀ ਜਾਵੇਗੀ।
ਉਗਰਾਹਾਂ ਨੇ ਦੱਸਿਆ ਕਿ DAP ਦੀ ਕਮੀ ਬਾਰੇ ਵੀ ਗੱਲਬਾਤ ਕੀਤੀ ਗਈ ਹੈ ਅਤੇ ਸਰਕਾਰ ਨੇ ਭਰੋਸਾ ਦਿਵਾਇਆ ਹੈ ਕਿ ਅਗਲੇ ਦੋ ਦਿਨਾਂ ਵਿਚ ਖਾਦ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਕ ਮੰਗ ਪ੍ਰਦਰਸ਼ਨ ਦੌਰਾਨ ਕਿਸਾਨਾਂ 'ਤੇ ਦਰਜ ਕੀਤੇ ਮਾਮਲਿਆਂ ਨੂੰ ਵਾਪਸ ਲੈਣ ਬਾਰੇ ਸੀ ਜੋ ਸਰਕਾਰ ਨੇ ਮੰਨ ਲਈ ਹੈ ।
ਹਾਲਾਂਕਿ ਉਗਰਾਹਾਂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਵੀ ਕਈ ਵਾਰ ਇਹ ਮੰਗ ਮੰਨਣ ਦੀ ਗੱਲ ਆਖੀ ਸੀ ਪਰ ਕਿਸੇ ਨੇ ਵੀ ਕੇਸ ਵਾਪਸ ਨਹੀਂ ਲਏ ਹਨ ਇਸ ਲਈ ਅਸੀਂ CM ਚੰਨੀ ਨੂੰ ਕਿਹਾ ਹੈ ਕਿ ਉਹ ਆਪਣੇ ਬੋਲਾਂ 'ਤੇ ਪੱਕੇ ਰਹਿਣ।
ਕਿਸਾਨ ਆਗੂ ਨੇ ਦੱਸਿਆ ਕਿ ਮੰਡੀਆਂ ਵਿਚ ਪਏ ਝੋਨੇ ਦੀ ਮੁੜ ਖਰੀਦ ਕਰਨ ਬਾਰੇ ਵੀ ਸਰਕਾਰ ਨੇ ਹਾਮੀ ਭਰੀ ਹੈ। ਅਖੀਰ ਵਿਚ ਉਨ੍ਹਾਂ ਦੱਸਿਆ ਕਿ ਕਿਸਾਨ ਆਗੂਆਂ ਵਲੋਂ ਮੁੱਖ ਮੰਤਰੀ ਤੋਂ ਜਨਰਲ ਮੰਗਾਂ, ਜਿਵੇਂ ਕਰਜ਼ਾ ਮਾਫੀ, ਰੁਜ਼ਗਾਰ ਜਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਐਲਾਨ ਆਦਿ ਸਬੰਧੀ ਵੀ ਮੀਟਿੰਗ ਬਾਰੇ ਕਿਹਾ ਗਿਆ ਹੈ ਜਿਸ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 15 ਦਿਨ ਦੇ ਵਿਚ ਮੀਟਿੰਗ ਬੁਲਾਉਣ ਦਾ ਫ਼ੈਸਲਾ ਕੀਤਾ ਹੈ।