ਪੰਜਾਬ ਕੈਬਨਿਟ ਵਲੋਂ ਭਗਤਾਂ ਤੇ ਮਹਾਂਪੁਰਸ਼ਾਂ ਦੇ ਨਾਂ ’ਤੇ 6 ਚੇਅਰਾਂ ਸਥਾਪਤ ਕਰਨ ਦੀ ਪ੍ਰਵਾਨਗੀ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਕੈਬਨਿਟ ਵਲੋਂ ਭਗਤਾਂ ਤੇ ਮਹਾਂਪੁਰਸ਼ਾਂ ਦੇ ਨਾਂ ’ਤੇ 6 ਚੇਅਰਾਂ ਸਥਾਪਤ ਕਰਨ ਦੀ ਪ੍ਰਵਾਨਗੀ

image

ਚੰਡੀਗੜ੍ਹ, 16 ਨਵੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਕੈਬਨਿਟ ਦੀ ਅੱਜ ਸ਼ਾਮ ਇਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੇ ਪੰਜਾਬੀ ਯੂਨੀਵਰਸਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਵਿਖੇ ਭਗਤਾਂ ਤੇ ਮਹਾਂਪੁਰਸ਼ਾਂ ਦੀ ਯਾਦ ’ਚ 6 ਚੇਅਰਾਂ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿਤੀ ਗਈ ਹੈ। ਇਸ ਤੋਂ ਇਲਾਵਾ ਪਹਿਲੀ ਤੋਂ ਅੱਠਵੀਂ ਤਕ ਸਾਰੇ ਹੀ ਵਿਦਿਆਰਥੀਆਂ ਨੂੰ ਮੁਫ਼ਤ ਵਰਦੀ ਮੁਹਈਆ ਕਰਵਾਉਣ ਅਤੇ ਗੰਨਾ ਉਤਪਾਦਕ ਕਿਸਾਨਾਂ ਦੀ ਵਿੱਤੀ ਸਹਾਇਤਾ ’ਚ ਵਾਧੇ ਦੇ ਅਹਿਮ ਪ੍ਰਸਤਾਵਾਂ ਨੂੰ ਵੀ ਪ੍ਰਵਾਨਗੀ ਦਿਤੀ ਹੈ। 
ਚੇਅਰਾਂ ਬਾਰੇ ਕੀਤੇ ਫ਼ੈਸਲੇ ਮੁਤਾਬਕ ਇਹ ਗੁਰੂ ਨਾਨਕ ਦੇਵ ਯੂਨੀਵਰਸਟੀ ਵਿਖੇ ਸੰਤ ਕਬੀਰ, ਭਾਈ ਜੀਵਨ ਸਿੰੰਘ, ਭਾਈ ਜੈਤਾ, ਮੱਖਣ ਸ਼ਾਹ ਲੁਬਾਣਾ ਅਤੇ ਪੰਜਾਬੀ ਯੂਨੀਵਰਸਟੀ ’ਚ ਗੁਰੂ ਰਵੀਦਾਸ ਅਤੇ ਭਗਵਾਨ ਵਾਲਮੀਕੀ ਜੀ ਦੀਆਂ ਚੇਅਰਮਾਂ ਸਥਾਪਤ ਕਰਨ ਦੀ ਪ੍ਰਵਾਨਗੀ ਦਿਤੀ ਹੈ। ਇਕ ਹੋਰ ਚੇਅਰ ਭਗਵਾਨ ਪਰਸ਼ੂ ਰਾਮ ਦੀ ਯਾਦ ’ਚ ਵੀ ਸਥਾਪਤ ਕੀਤੀ ਜਾਵੇਗੀ।
ਗੰਨਾ ਉਤਪਾਦਕਾਂ ਦੀ ਵਿਤੀ ਸਹਾਇਤਾ ਵਧਾਉਣ ਬਾਰੇ ਲਏ ਫ਼ੈਸਲੇ ਤਹਿਤ ਇਸ ਪਿੜਾਈ ਸੀਜ਼ਨ ’ਚ ਪ੍ਰਾਈਵੇਟ ਮਿੱਲਾਂ ਵਲੋਂ ਗੰਨਾ ਉਤਪਾਦਕਾਂ ਨੂੰ 15 ਰੁਪਏ ਪ੍ਰਤੀ ਕੁਇੰਟਲ ਅਤੇ 35 ਰੁਪਏ ਸਰਕਾਰ ਦੇਵੇਗੀ। ਅੱਠਵੀਂ ਤਕ ਦੇ ਸਾਰੇ ਸਕੂਲੀ ਵਿਦਿਆਰਥੀਆਂ ’ਚ ਹੁਣ ਜਨਰਲ ਵਰਗ ਨੂੰ ਵੀ ਇਹ ਸਹੂਲਤ ਮਿਲੇਗੀ, ਜੋ ਪਹਿਲਾਂ ਰਾਖਵੇਂ ਵਰਗਾਂ ਲਈ ਸੀ। ਇਸ ਤੋਂ ਇਲਾਵਾ ਚੋਣ ਵਿਭਾਗ ਦੇ ਪੁਨਰਗਠਨ, ਮੈਡੀਕਲ ਤੇ ਡੈਂਟਲ ਕਾਲਜਾਂ ’ਚ 1101 ਖਾਲੀ ਅਸਾਮੀਆਂ ਨੂੰ ਬਾਬਾ ਫ਼ਰੀਦ ਯੂਨੀਵਰਸਟੀ ਰਾਹੀਂ ਭਰਨ ਅਤੇ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਫ਼ੰਡਾਂ ਦੀ ਵਰਤੋਂ ਦੇ ਨਿਯਮਾਂ ਨੂੰ ਸੋਧਣ ਦੇ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿਤੀ ਗਈ ਹੈ।