ਵਰਦੇਵ ਸਿੰਘ ਨੋਨੀ ਮਾਨ ਨੂੰ ਸੈਸ਼ਨ ਕੋਰਟ ਵਲੋਂ ਵੱਡੀ ਰਾਹਤ,ਗ੍ਰਿਫ਼ਤਾਰੀ 'ਤੇ ਲੱਗੀ ਰੋਕ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਲਤ ਨੇ  ਵਰਦੇਵ ਸਿੰਘ ਨੋਨੀ ਮਾਨ ਨੂੰ 24 ਨਵੰਬਰ ਤੱਕ ਅੰਤਰਿਮ ਜ਼ਮਾਨਤ ਦੇ ਦਿਤੀ ਗਈ ਹੈ।

Vardev singh Noni Mann

ਫ਼ਿਰੋਜ਼ਪੁਰ : ਹਲਕਾ ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੂੰ ਫਿਰੋਜ਼ਪੁਰ ਦੇ ਸੈਸ਼ਨ ਕੋਰਟ ਵਲੋਂ ਰਾਹਤ ਦਿੱਤੀ ਗਈ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਕੋਰਟ ਨੇ ਲਗਾਈ ਰੋਕ ਲਗਾ ਦਿਤੀ ਹੈ।

ਦੱਸ ਦੇਈਏ ਕਿ ਅਦਾਲਤ ਨੇ  ਵਰਦੇਵ ਸਿੰਘ ਨੋਨੀ ਮਾਨ ਨੂੰ 24 ਨਵੰਬਰ ਤੱਕ ਅੰਤਰਿਮ ਜ਼ਮਾਨਤ ਦੇ ਦਿਤੀ ਗਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀ ਨੋਨੀ ਮਾਨ ਖ਼ਿਲਾਫ਼ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਦੇ ਬਿਆਨਾਂ ’ਤੇ 307 IPC ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ 'ਤੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਸਚਿਨ ਸ਼ਰਮਾ ਦੀ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ ਹੈ। ਉਨ੍ਹਾਂ ਨੂੰ ਪੁਲਿਸ ਜਾਂਚ ਵਿਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਹਨ। 

ਜ਼ਿਕਰਯੋਗ ਹੈ ਕਿ ਕਿਸਾਨ ਆਗੂ ਵਲੋਂ ਇਹ ਬਿਆਨ ਦਿਤੇ ਗਏ ਸਨ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਫਿਰੋਜ਼ਪੁਰ ਫੇਰੀ ਦੌਰਾਨ ਨੋਨੀ ਮਾਨ ਨੇ ਉਨ੍ਹਾਂ ਨੂੰ ਆਪਣੀ ਗੱਡੀ ਦੇ ਹੇਠਾਂ ਰੌਂਦ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਗੋਲੀਆਂ ਚਲਾਈਆਂ ਸਨ। ਦੂਜੇ ਪਾਸੇ ਨੋਨੀ ਮਾਨ ਦੇ ਵਕੀਲ ਜਸਬੀਰ ਸਿੰਘ ਕਾਲੜਾ ਨੇ ਅਦਾਲਤ ਵਿਚੋਂ ਨੋਨੀ ਮਾਨ ਦਾ ਪੱਖ ਪੇਸ਼ ਕਰਦਿਆਂ ਨੋਨੀ ਮਾਨ ’ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਗ਼ਲਤ ਕਰਾਰ ਦਿਤਾ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਸਿਆਸੀ ਦਬਾਅ ਤਹਿਤ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਮਾਣਯੋਗ ਅਦਾਲਤ ਨੇ ਨੋਨੀ ਮਾਨ ਅਤੇ ਸ਼ਿਕਾਇਤਕਰਤਾ ਮੁਦੱਈ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਅਕਾਲੀ ਆਗੂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ ਦੱਸ ਦੇਈਏ ਕਿ ਹੁਣ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ  24 ਨਵੰਬਰ ਨੂੰ ਹੋਵੇਗੀ।