ਬੱਚਿਆਂ ਤੇ ਮਹਿਲਾਵਾਂ ਦੇ ਸਰਵਪੱਖੀ ਵਿਕਾਸ ਲਈ ਨਹੀਂ ਛੱਡੀ ਜਾਵੇਗੀ ਕੋਈ ਕਮੀ : ਡਾ. ਬਲਜੀਤ ਕੌਰ

ਏਜੰਸੀ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਨੇ ਪਿੰਡ ਢੋਲਣਵਾਲ ਆਂਗਣਵਾੜੀ ਕੇਂਦਰ ’ਚ ਆਯੋਜਿਤ ‘ਉਡਾਰੀਆਂ ਬਾਲ ਵਿਕਾਸ ਮੇਲੇ’ ’ਚ ਕੀਤੀ ਸ਼ਿਰਕਤ

No deficiency will be left for the comprehensive development of children and women: Dr. Baljit Kaur

 

ਚੰਡੀਗੜ੍ਹ / ਹੁਸ਼ਿਆਰਪੁਰ: ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਕਿਹਾ ਕਿ ਵਿਭਾਗ ਵਲੋਂ ਬੱਚਿਆਂ ਤੇ ਇਸਤਰੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਹੀ ਗੰਭੀਰਤਾ ਨਾਲ ਕੰਮ ਕੀਤੇ ਗਏ ਹਨ ਅਤੇ ਇਸ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਜਿਥੇ ਆਂਗਣਵਾੜੀ ਸੈਂਟਰਾਂ ਰਾਹੀਂ ਬੱਚਿਆਂ ਦੇ ਪੂਰਨ ਵਿਕਾਸ ਨੂੰ ਲੈ ਕੇ ਦ੍ਰਿੜਤਾ ਨਾਲ ਕੰਮ ਕਰ ਰਿਹਾ ਹੈ, ਉਥੇ ਵਨ ਸਟਾਪ ਸੈਂਟਰ ਰਾਹੀਂ ਔਰਤਾਂ ਨੂੰ ਵੀ ਸਸ਼ਕਤ ਬਣਾਇਆ ਜਾ ਰਿਹਾ ਹੈ। ਉਹ ਅੱਜ ਹੁਸ਼ਿਆਰਪੁਰ ਦੌਰੇ ਦੌਰਾਨ ਵੱਖ-ਵੱਖ ਪ੍ਰੋਗਰਾਮਾਂ ਨੂੰ ਸੰਬੋਧਨ ਕਰ ਰਹੇ ਸਨ।

ਇਸ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਚ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਾਇਰੈਕਟਰ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮਾਧਵੀ ਕਟਾਰੀਆ, ਡਿਪਟੀ ਕਮਿਸ਼ਨਰ ਸੰਦੀਪ ਹੰਸ, ਐਸ.ਪੀ. (ਹੈਡਕੁਆਟਰ) ਮਨਜੀਤ ਕੌਰ, ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ, ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀ ਧਰਮ ਪਤਨੀ  ਵਿਭਾ ਸ਼ਰਮਾ, ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ।

ਹੁਸ਼ਿਆਰਪੁਰ ਦੌਰੇ ਦੌਰਾਨ ਕੈਬਨਿਟ ਮੰਤਰੀ ਨੇ ਜਿਥੇ ਪਿੰਡ ਢੋਲਣਵਾਲ ਦੇ ਆਂਗਣਵਾੜੀ ਸੈਂਟਰ ਵਿਚ ‘ਉਡਾਰੀਆਂ ਬਾਲ ਵਿਕਾਸ ਮੇਲੇ’ ਦਾ ਉਦਘਾਟਨ ਕਰਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਉਥੇ ਸਿਵਲ ਹਸਪਤਾਲ ਹੁਸ਼ਿਆਰਪੁਰ ਅੰਦਰ ਬਣੇ ਸਖੀ ਵਨ ਸਟਾਪ ਸੈਂਟਰ ਦੀ ਨਵੀਂ ਬਣੀ ਇਮਾਰਤ ਦਾ ਵੀ ਉਦਘਾਟਨ ਕੀਤਾ। ਇਸ ਉਪਰੰਤ ਉਨ੍ਹਾਂ ਨੇ ਰਾਮ ਕਲੋਨੀ ਕੈਂਪ ਸਥਿਤ ਓਲਡ ਏਜ ਹੋਮ, ਚਿਲਡਰਨ ਹੋਮ, ਸਪੈਸ਼ਲ ਹੋਮ ਦਾ ਵੀ ਦੌਰਾ ਕਰਕੇ ਉਥੇ ਬਜ਼ੁਰਗਾਂ ਅਤੇ ਬੱਚਿਆ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦਾ ਭਰੋਸਾ ਦਿਵਾਇਆ।

‘ਉਡਾਰੀਆਂ ਬਾਲ ਵਿਕਾਸ ਮੇਲੇ’ ਮੇਲੇ ਦੌਰਾਨ ਉਨ੍ਹਾਂ ਸੰਬੋਧਨ ਕਰਦਿਆਂ ਆਮ ਲੋਕਾਂ ਨੂੰ ਵਿਭਾਗਾਂ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਆਂਗਣਵਾੜੀ ਸੈਂਟਰਾਂ ਰਾਹੀਂ ਲੈਣ ਲਈ ਕਿਹਾ। ਉਨ੍ਹਾਂ ਨੇ ਮਹਿਲਾਵਾਂ ਨੂੰ ਇਸ ਅਭਿਆਨ ਵਿਚ ਯੋਗਦਾਨ ਪਾਉਣ ਲਈ ਅੱਗੇ ਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਮੇਲਿਆਂ ਦਾ ਉਦੇਸ਼ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਹਰ ਫਰੰਟ ’ਤੇ ਅੱਗੇ ਲਿਆ ਕੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਪੌਸ਼ਟਿਕ ਖਾਣੇ ਸਬੰਧੀ ਲਗਾਈ ਗਈ ਪ੍ਰਦਰਸ਼ਨੀ ਅਤੇ ਸੈਲਫ ਹੈਲਪ ਗਰੁੱਪਾਂ ਵਲੋਂ ਲਗਾਏ ਗਏ ਸਟਾਲ ਵੀ ਦੇਖੇ। ਇਸ ਦੌਰਾਨ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਵੀ ਕੀਤਾ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ 48.43 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਖੀ ਵਨ ਸਟਾਪ ਸੈਂਟਰ ਦਾ ਉਦਘਾਟਨ ਕਰਨ ਦੌਰਾਨ ਕਿਹਾ ਕਿ ਵਿਭਾਗ ਮਹਿਲਾਵਾਂ ਦੇ ਖਿਲਾਫ਼ ਸਰੀਰਕ ਅਤੇ ਮਾਨਸਿਕ ਹਿੰਸਾ ਨੂੰ ਰੋਕਣ ਲਈ ਵਚਨਬੱਧ ਹੈ ਅਤੇ ਸਖੀ ਵਨ ਸਟਾਪ ਸੈਂਟਰ ਰਾਹੀਂ ਜਿਹੜੀਆਂ ਮਹਿਲਾਵਾਂ ਕਿਸੇ ਵੀ ਤਰ੍ਹਾਂ ਦੀ ਸਰੀਰਕ ਜਾਂ ਮਾਨਸਿਕ ਹਿੰਸਾ ਨਾਲ ਪੀੜਤ ਹਨ, ਉਹ ਇਥੇ ਆ ਕੇ ਮੁਫ਼ਤ ਕਾਨੂੰਨੀ ਸੇੇਵਾਵਾਂ , ਪੁਲਿਸ ਸਬੰਧੀ ਸਹਾਇਤਾ, ਰਿਹਾਇਸ਼ ਸਬੰਧੀ ਸਹਾਇਤਾ ਅਤੇ ਸਿਹਤ ਸਬੰਧੀ ਸਹਾਇਤਾ ਲੈ ਸਕਦੀਆਂ ਹਨ।

ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿਚ ਸਖੀ ਵਨ ਸਟਾਪ ਸੈਂਟਰ ਵਲੋਂ ਹੁਣ ਤੱਕ 670 ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚ 342 ਘਰੇਲੂ ਹਿੰਸਾ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਇਨ੍ਹਾਂ ਕੇਸਾਂ ਵਿਚ ਕਰੀਬ 280 ਕੇਸਾਂ ਵਿਚ ਮੁਫ਼ਤ ਮੈਡੀਕਲ ਸੇਵਾਵਾਂ ਅਤੇ 71 ਕੇਸਾਂ ਵਿਚ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਵਨ ਸਟਾਪ ਸੈਂਟਰ ਦੇ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਮਿਹਨਤ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਅਤੇ ਮਹਿਲਾਵਾਂ ਨੂੰ ਇਸ ਸੈਂਟਰ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ।

ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਦੇ ਡਾਇਰੈਕਟਰ ਮਾਧਵੀ ਕਟਾਰੀਆ ਨੇ ‘ਉਡਾਰੀਆਂ ਬਾਲ ਵਿਕਾਸ ਮੇਲੇ’ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੇਲੇ ਪੂਰੇ ਸੂਬੇ ਵਿਚ 20 ਨਵੰਬਰ ਤੱਕ ਆਯੋਜਿਤ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਤਹਿਤ ਹਰ ਦਿਨ ਇਕ ਨਵੇਂ ਵਿਸ਼ੇ ’ਤੇ ਜਾਗਰੂਕਤਾ ਸੈਮੀਨਾਰ ਵੱਖ-ਵੱਖ ਆਂਗਣਵਾੜੀ ਸੈਂਟਰਾਂ ਵਿਚ ਪਿੰਡ ਪੱਧਰ ’ਤੇ ਕਰਵਾਏ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਲਾਭਪਾਤਰੀਆਂ ਅਤੇ ਬੱਚਿਆਂ ਦੇ ਮਾਤਾ-ਪਿਤਾ ਤੋਂ ਸੁਝਾਅ ਵੀ ਮੰਗੇ।

ਸਖੀ ਵਨ ਸਟਾਪ ਸੈਂਟਰ ਦੇ ਉਦਘਾਟਨ ਦੌਰਾਨ ਉਨ੍ਹਾਂ ਨੇ ਸੈਂਟਰ ਵਿਚ ਆਮ ਮਹਿਲਾਵਾਂ ਤੱਕ ਪਹੁੰਚ ਬਣਾਉਣ ਲਈ ਜ਼ੋਰ ਦਿੱਤਾ, ਤਾਂ ਜੋ ਘੱਟ ਪੜ੍ਹੀਆ ਲਿਖੀਆਂ ਮਹਿਲਾਵਾਂ ਵੱਧ ਤੋਂ ਵੱਧ ਇਸ ਸੈਂਟਰ ਦਾ ਲਾਭ ਲੈ ਸਕਣ ਅਤੇ ਇਨ੍ਹਾਂ ਸੈਂਟਰਾਂ ਦੀ ਪਹੁੰਚ ਕੇਵਲ ਪੜ੍ਹੀਆਂ ਲਿਖੀਆਂ ਮਹਿਲਾਵਾਂ ਤੱਕ ਨਾ ਸੀਮਤ ਰਹੇ।
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਐਸ.ਡੀ.ਐਮ. ਪ੍ਰੀਤਇੰਦਰ ਸਿੰਘ ਬੈਂਸ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ, ਜ਼ਿਲ੍ਹਾ ਸਮਾਜਿਕ ਨਿਆ ਅਤੇ ਅਧਿਕਾਰਤਾ ਅਫ਼ਸਰ ਰਜਿੰਦਰ ਸਿੰਘ, ਸਿਵਲ ਸਰਜਨ ਡਾ. ਪ੍ਰੀਤ ਮੋਹਿੰਦਰ ਸਿੰਘ, ਸਹਾਇਕ ਸਰਜਨ ਡਾ. ਪਵਨ ਕੁਮਾਰ, ਐਸ.ਐਮ.ਓ. ਡਾ. ਸਵਾਤੀ, ਜ਼ਿਲ੍ਹਾ ਬਾਲ ਵਿਕਾਸ ਅਫ਼ਸਰ ਡਾ. ਹਰਪ੍ਰੀਤ ਕੌਰ, ਰਾਜੇਸ਼ਵਰ ਦਿਆਲ ਬੱਬੀ, ਕੌਂਸਲਰ ਜਸਪਾਲ ਸਿੰਘ ਚੇਚੀ, ਸਤਵੰਤ ਸਿੰਘ ਸਿਆਨ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।