ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ ਸਰਕਾਰ ਵਿਰੁੱਧ ਉਲੀਕੇਗੀ ਤਿੱਖਾ ਸਘੰਰਸ਼
ਆਦਰਸ਼ ਸਕੂਲਾਂ ਦੇ ਅਧਿਆਪਕਾਂ ਦਾ ਸਬਰ ਟੁੱਟ ਚੁੱਕਾ ਹੈ, ਸਰਕਾਰ ਦੇ ਵਾਅਦੇ ਲਾਰਿਆਂ ਵਿਚ ਬਦਲ ਰਹੇ ਹਨ
ਚੰਡੀਗੜ੍ਹ - ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਗਲੋਟੀ ਅਤੇ ਜਥੇਬੰਦੀ ਦੇ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਗਲੋਟੀ ਨੇ ਦੱਸਿਆ ਕਿ ਮਜ਼ਬੂਰਨ ਜਲਦੀ ਹੀ ਪੰਜਾਬ ਸਰਕਾਰ ਦੇ ਖ਼ਿਲਾਫ਼ ਤਿੱਖਾ ਸਘੰਰਸ਼ ਉਲੀਕਿਆ ਜਾਵੇਗਾ ਕਿਉਂਕਿ ਹੁਣ ਸਰਕਾਰ ਦੇ ਝੂਠੇ ਵਾਅਦਿਆਂ ਦੀ ਫੂਕ ਨਿਕਲ਼ਦੀ ਨਜ਼ਰ ਆ ਚੁੱਕੀ ਹੈ।
ਆਦਰਸ਼ ਸਕੂਲਾਂ ਦੇ ਅਧਿਆਪਕਾਂ ਦਾ ਸਬਰ ਟੁੱਟ ਚੁੱਕਾ ਹੈ, ਸਰਕਾਰ ਦੇ ਵਾਅਦੇ ਲਾਰਿਆਂ ਵਿਚ ਬਦਲ ਰਹੇ ਹਨ। ਉਹਨਾਂ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਜਥੇਬੰਦੀ ਦੀ ਕਈ ਵਾਰ ਮੰਗ ਕਰਨ 'ਤੇ ਵੀ ਮੁੱਖ ਮੰਤਰੀ ਨੇ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਹਨ ਕਿ ਜੇਕਰ ਉਹ ਸੱਚਮੁੱਚ ਹੀ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹਨ ਤਾਂ ਇਕ ਵਾਰ ਖ਼ੁਦ ਆਦਰਸ਼ ਸਕੂਲਾਂ ਵਿਚ ਆ ਕੇ ਬੱਚਿਆਂ ਦੀ ਗਿਣਤੀ ਦੇਖਣ ਅਤੇ ਅਧਿਆਪਕਾਂ ਦੀਆਂ ਮੁਸ਼ਕਲਾਂ ਸੁਣ।
ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਇਹਨਾਂ ਸਕੂਲਾਂ ਦੀ ਜਥੇਬੰਦੀ ਨਾਲ ਗੱਲਬਾਤ ਜ਼ਰੂਰ ਕਰਨ। ਜਸਵੀਰ ਸਿੰਘ ਗਲੋਟੀ ਨੇ ਕਿਹਾ ਕਿ ਉਹਨਾਂ ਦੀ ਸਿੱਖਿਆ ਮੰਤਰੀ, ਵਿੱਤ ਮੰਤਰੀ, ਕੈਬਨਿਟ ਮੰਤਰੀ ਅਮਨ ਅਰੋੜਾ ਤੇ ਸਿੱਖਿਆ ਵਿਭਾਗ ਨਾਲ ਕਈ ਵਾਰ ਮੀਟਿੰਗ ਹੋ ਚੁੱਕੀ ਹੈ। ਸਬ ਕਮੇਟੀ ਵੀ ਬਣ ਚੁੱਕੀ ਹੈ
ਪਰ ਪਰਨਾਲਾ ਹਾਲੇ ਵੀ ਉਥੇ ਦਾ ਉਥੇ ਆ ਜਥੇਬੰਦੀ ਨੇ ਫ਼ੈਸਲਾ ਲਿਆ ਹੈ ਕਿ ਜੇਕਰ ਜਲਦੀ ਹੀ ਪੰਜਾਬ ਸਰਕਾਰ ਨੇ ਆਦਰਸ਼ ਸਕੂਲਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਵੱਲੋਂ ਮਜ਼ਬੂਰ ਹੋ ਕੇ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜਾਹਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੁਲਾਈ 2019 ਦੇ ਨਾਰਮਜ਼ ਪੱਤਰ ਮੁਤਾਬਕ ਪੂਰਾ ਗਰੇਡ ਪੇਅ ਅਨੁਸਾਰ ਫੁੱਲ ਤਨਖ਼ਾਹਾਂ ਸਿੱਧੀਆਂ ਸਿੱਖਿਆ ਵਿਭਾਗ ਵੱਲੋਂ ਕਰਮਚਾਰੀਆਂ ਦੇ ਖਾਤਿਆਂ ਵਿਚ ਪਾਈਆਂ ਜਾਣ।