ਨਾਗਾਲੈਂਡ ਨੂੰ ਭੇਜੇ ਗਏ ਚੌਲਾਂ ਦੀ ਗੁਣਵੱਤਾ ਦੀ ਐਫ਼ ਸੀ ਆਈ ਨੇ ਹੁਣ ਪੰਜਾਬ ਨਾਲ ਮਿਲ ਕੇ ਸ਼ੁਰੂ ਕੀਤੀ ਸਾਂਝੀ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਫ਼ ਸੀ ਆਈ ਕੇਂਦਰੀ ਪੂਲ ਲਈ ਹਰ ਸਾਲ ਪੰਜਾਬ ਖੇਤਰ ਤੋਂ ਲਗਭਗ 250 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੀ ਖ਼ਰੀਦ ਕਰਦੀ ਹੈ

FCI has now started a joint investigation with Punjab on the quality of rice sent to Nagaland

ਚੰਡੀਗੜ੍ਹ: ਐਫ਼ ਸੀ ਆਈ ਕੇਂਦਰੀ ਪੂਲ ਲਈ ਹਰ ਸਾਲ ਪੰਜਾਬ ਖੇਤਰ ਤੋਂ ਲਗਭਗ 250 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੀ ਖ਼ਰੀਦ ਕਰਦੀ ਹੈ ਅਤੇ ਨਿਯਮਤ ਆਧਾਰ ’ਤੇ ਗੁਣਵੱਤਾ ਨਿਯੰਤਰਣ ਸੈੱਲਾਂ ਰਾਹੀਂ ਅਨਾਜ ਦੀ ਜਾਂਚ  ਹੁੰਦੀ ਹੈ ਤਾਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੀਡੀਐਸ ਤਹਿਤ ਕੇਵਲ ਗੁਣਵੱਤਾ ਵਾਲੇ ਅਨਾਜ ਦੀ ਵੰਡ ਕੀਤੀ ਜਾਵੇ। 

ਐਫ਼ ਸੀ ਆਈ ਦੇ ਇਕ ਬੁਲਾਰੇ ਅਨੁਸਾਰ ਪੰਜਾਬ ਨੇ ਕੇਐਮਐਸ 2022-23 ਵਿਚ ਲਗਭਗ 125 ਐਲਐਮਟੀ ਚੌਲਾਂ ਦੀ ਖ਼ਰੀਦ ਕੀਤੀ ਹੈ ਜਿਸ ਵਿਚੋਂ 115 ਐਲਐਮਟੀ ਚੌਲਾਂ ਦੀ ਗੁਣਵੱਤਾ ਦੀ ਸ਼ਿਕਾਇਤ ਤੋਂ ਬਿਨਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੇਜ ਦਿਤੀ ਗਈ ਹੈ। ਇਸ ਵਿਚੋਂ ਕੇਐਮਐਸ 2022-23 ਨਾਲ ਸਬੰਧਤ ਚੌਲਾਂ ਦਾ 20 ਲੱਖ ਮੀਟਰਕ ਟਨ ਤੋਂ ਵੱਧ ਭੰਡਾਰ ਸੰਗਰੂਰ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬਿਨਾਂ ਕਿਸੇ ਗੁਣਵੱਤਾ ਦੀ ਸ਼ਿਕਾਇਤ ਦੇ ਭੇਜਿਆ ਗਿਆ ਹੈ।

ਜੇਕਰ ਕਿਸੇ ਵੀ ਪ੍ਰਾਪਤ ਕਰਨ ਵਾਲੇ ਪੱਖ ਤੋਂ ਗੁਣਵੱਤਾ ਦੀ ਸ਼ਿਕਾਇਤ ਮਿਲਦੀ ਹੈ, ਤਾਂ ਗੁਣਵੱਤਾ ਦੀ ਜਾਂਚ ਕਰਨ ਲਈ ਭੇਜਣ ਵਾਲੇ ਪੱਖ ਭਾਵ ਪੰਜਾਬ ਅਤੇ ਪ੍ਰਾਪਤ ਕਰਨ ਵਾਲੇ ਪੱਖ ਦੀ ਇੱਕ ਸਾਂਝੀ ਜਾਂਚ ਟੀਮ ਬਣਾਈ ਜਾਵੇਗੀ ਜਿਸ ਤੋਂ ਬਾਅਦ ਸਾਂਝੀ ਜਾਂਚ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।

ਨਾਗਾਲੈਂਡ ਦੇ ਦੀਮਾਪੁਰ ਨੇ ਡੀਓ, ਸੰਗਰੂਰ ਅਧੀਨ ਸੁਨਾਮ ਤੋਂ ਭੇਜੀਆਂ ਗਈਆਂ 18 ਵੈਗਨਾਂ ਵਿਚ ਕੇਐਮਐਸ 2022-23 ਦੇ ਫ਼ੋਰਟੀਫ਼ਾਈਡ ਚੌਲਾਂ ਵਿਚ ਗੁਣਵੱਤਾ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੰਜਾਬ ਤੋਂ ਇਕ ਟੀਮ ਸੰਯੁਕਤ ਜਾਂਚ ਲਈ ਦੀਮਾਪੁਰ ਭੇਜੀ ਜਾ ਰਹੀ ਹੈ ਅਤੇ ਰਿਪੋਰਟ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਪੰਜਾਬ ਤੋਂ ਚੌਲਾਂ ਦੀ ਖੇਪ ਭੇਜੀ ਜਾਂਦੀ ਰਹੇਗੀ।